ਜੰਗਲੀ ਸੂਰ ਮਾਰਨ ਦੇ ਦੋਸ਼ ਹੇਠ ਅੱਧੀ ਦਰਜਨ ਨੌਜਵਾਨ ਗ੍ਰਿਫ਼ਤਾਰ
ਵਣ ਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਬਲਾਕ ਅਫਸਰ ਸੁਖਬੀਰ ਸਿੰਘ, ਫਾਰੈਸਟ ਗਾਰਡ ਪ੍ਰਭਜੋਤ ਕੌਰ ਤੇ ਹੇਮ ਰਾਜ ਨੇ ਮੌਕੇ ’ਤੇ ਪਹੁੰਚ ਕੇ ਕਾਰਵਾਈ ਕਰਦਿਆਂ ਜਿੱਥੇ ਘਟਨਾ ਸਥਾਨ ਤੋਂ ਨਮੂਨੇ ਲਈ, ਉੱਥੇ ਹੀ ਪਿੰਡ ਦੇ ਛੇ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਸਬੰਧਤ ਵਿਭਾਗ ਨੇ ਇਸ ਮਾਮਲੇ ਵਿੱਚ ਸ਼ਾਮਲ ਦੱਸੇ ਗਏ ਹੋਰ ਵਿਅਕਤੀਆਂ ਦੀ ਗ੍ਰਿਫ਼ਤਾਰੀ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜੰਗਲਾਤ ਵਿਭਾਗ ਦੇ ਗਾਰਡ ਪ੍ਰਭਜੋਤ ਕੌਰ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਹ ਮਿਲੀ ਸੀ ਕਿ ਪਿੰਡ ਸੈਦਪੁਰ ਅਤੇ ਆਲੇ-ਦੁਆਲੇ ਦੇ ਪਿੰਡਾਂ ਦੇ ਕੁਝ ਨੌਜਵਾਨ ਜੰਗਲੀ ਸੂਰ ਨੂੰ ਮਾਰ ਕੇ ਆਪਸ ਵਿੱਚ ਮਾਸ ਵੰਡ ਰਹੇ ਹਨ। ਉਨ੍ਹਾਂ ਮੌਕੇ ’ਤੇ ਪਹੁੰਚ ਕੇ ਸੀਸੀਟੀਵੀ ਫੁਟੇਜ਼ ਖੰਘਾਲਣ ਮਗਰੋਂ ਵਿਭਾਗੀ ਕਾਰਵਾਈ ਕਰਦਿਆਂ ਅਮਰਜੀਤ ਸਿੰਘ, ਕ੍ਰਿਸ਼ਨ, ਗੈਰੀ, ਸਾਗਰ, ਗੋਲੂ ਅਤੇ ਦਵਿੰਦਰ ਸਿੰਘ ਸਾਰੇ ਵਾਸੀ ਪਿੰਡ ਸੈਦਪੁਰ ਨੂੰ ਗ੍ਰਿਫ਼ਤਾਰ ਕਰ ਲਿਆ।
ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਨ ਅਤੇ ਇਕੱਤਰ ਕੀਤੇ ਗਏ ਸੈਂਪਲ ਡੀਐੱਨਏ ਜਾਂਚ ਲਈ ਦੇਹਰਾਦੂਨ ਭੇਜੇ ਜਾਣਗੇ ਮੁਲਜ਼ਮਾਂ ਨੂੰ ਵਣ ਜੀਵ ਸੁਰੱਖਿਆ ਐਕਟ 1972 ਦੀਆਂ ਵੱਖ-ਵੱਖ ਧਾਰਾਵਾਂ ਹੇਠ ਗ੍ਰਿਫਤਾਰ ਕੀਤਾ ਗਿਆ ਹੈ। ਇਨ੍ਹਾਂ ’ਤੇ ਦੋਸ਼ ਸਾਬਤ ਹੋ ਜਾਣ ਉਪਰੰਤ 3 ਤੋਂ 7 ਸਾਲ ਤੱਕ ਦੀ ਸਜ਼ਾ ਅਤੇ ਭਾਰੀ ਜੁਰਮਾਨਾ ਵੀ ਹੋ ਸਕਦਾ ਹੈ। ਵਣ ਵਿਭਾਗ ਵੱਲੋਂ ਅਜੇ ਹੋਰ ਗ੍ਰਿਫਤਾਰੀਆਂ ਦੀ ਸੰਭਾਵਨਾ ਵੀ ਜਤਾਈ ਜਾ ਰਹੀ ਹੈ ਕਿਉਂਕਿ ਮਾਮਲੇ ਦੀ ਜਾਂਚ ਜਾਰੀ ਹੈ।
ਵਣ ਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਰੇਂਜ ਅਫਸਰ ਨਰਿੰਦਰਪਾਲ ਸਿੰਘ ਨੇ ਦੱਸਿਆ ਕਿ ਮੌਕੇ ’ਤੇ ਇਕੱਤਰ ਕੀਤੇ ਤੱਥਾਂ ਅਨੁਸਾਰ ਮੁਲਜ਼ਮਾਂ ਵਿਰੁੱਧ ਲੋੜੀਂਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।