‘ਗੁਰੂ ਤੇਗ ਬਹਾਦਰ ਨੇ ਮਨੁੱਖਤਾ ਲਈ ਕੁਰਬਾਨੀ ਦਿੱਤੀ’
ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫ਼ਤਹਿਗੜ੍ਹ ਸਾਹਿਬ ਵਿੱਚ ਗੁਰੂ ਤੇਗ ਬਹਾਦਰ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਚੱਲ ਰਹੀ ਪੰਜ ਰੋਜ਼ਾ ਕਾਰਜਸ਼ਾਲਾ ਦੇ ਅੰਤਿਮ ਦਿਨ ਵਾਈਸ ਚਾਂਸਲਰ ਪ੍ਰੋ. ਪਰਿਤ ਪਾਲ ਸਿੰਘ ਨੇ ਆਸ ਪ੍ਰਗਟਾਈ ਕੇ ਡੈਲੀਗੇਟਸ ਇੱਥੋਂ ਸਿੱਖੀਆਂ ਸਿਧਾਂਤਕ ਸੇਧਾਂ ਅਤੇ ਵਿਹਾਰਕ ਤਕਨੀਕਾਂ ਆਪਣੇ ਅਕਾਦਮਿਕ ਕਰੀਅਰ ਅਤੇ ਖੋਜ ਕਾਰਜਾਂ ਵਿੱਚ ਲਾਗੂ ਕਰਨਗੇ। ਮੁੱਖ ਵਕਤਾ ਸਾਬਕਾ ਡਾਇਰੈਕਟਰ ਪੰਜਾਬ ਸਕੂਲ ਸਿੱਖਿਆ ਬੋਰਡ ਪ੍ਰੋ. ਕੇਹਰ ਸਿੰਘ ਨੇ ਆਖਿਆ ਕਿ ਗੁਰੂ ਸਾਹਿਬ ਦੀ ਸ਼ਹਾਦਤ ਅਤੇ ਗੁਰਬਾਣੀ ਨੂੰ ਸੌੜੇ ਬਿਰਤਾਂਤ ਵਿੱਚ ਪੇਸ਼ ਕਰਨ ਦੀ ਬਜਾਇ ਸਮੁੱਚੀ ਮਨੁੱਖਤਾ ਅਤੇ ਕੁੱਲ ਕਾਇਨਾਤ ਦੇ ਪ੍ਰਸੰਗ ਵਿੱਚ ਵਿਚਾਰੇ ਜਾਣ ਦੀ ਲੋੜ ਹੈ। ਡੀਨ ਅਕਾਦਮਿਕ ਪ੍ਰੋ. ਸੁਖਵਿੰਦਰ ਸਿੰਘ ਬਿਲਿੰਗ ਨੇ ਕਿਹਾ ਕਿ ਵਰਕਸ਼ਾਪ ਆਪਣੇ ਮਿਥੇ ਟੀਚੇ ਨੂੰ ਸਰ ਕਰਨ ਵਿੱਚ ਸਫਲ ਹੋਈ ਹੈ। ਕਨਵੀਨਰ ਡਾ. ਹਰਦੇਵ ਸਿੰਘ ਅਤੇ ਕੋਆਰਡੀਨੇਅਰ ਰਮਨਦੀਪ ਕੌਰ ਨੇ ਧੰਨਵਾਦ ਕੀਤਾ। ਤਕਨੀਕੀ ਸੈਸ਼ਨ ਦੌਰਾਨ ਪ੍ਰੋ. ਪਰਮਵੀਰ ਸਿੰਘ ਨੇ ਦੱਸਿਆ ਕਿ ਗੁਰੂ ਸਾਹਿਬ ਦੀ ਮਾਲਵੇ ਦੀ ਅਤੇ ਪੂਰਬੀ ਭਾਰਤ ਦੀ ਯਾਤਰਾ ਵਿੱਚੋਂ ਅਧੂਰੀਆਂ ਕੜੀਆਂ ਨੂੰ ਜੋੜਨ ਦੀ ਸਖ਼ਤ ਲੋੜ ਹੈ। ਇਸ ਮੌਕੇ ਰਜਿਸਟਰਾਰ ਪ੍ਰੋ. ਤੇਜਬੀਰ ਸਿੰਘ, ਪ੍ਰੋ. ਜਸਪਾਲ ਕੌਰ ਕਾਂਗ, ਡਿਪਟੀ ਰਜਿਸਟਰਾਰ ਜਗਜੀਤ ਸਿੰਘ ਆਦਿ ਹਾਜ਼ਰ ਸਨ।