ਮੁਹਾਲੀ ’ਚ ਗੁਰਮੀਤ ਖੁੱਡੀਆਂ ਲਹਿਰਾਉਣਗੇ ਤਿਰੰਗਾ
ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਅੱਜ ਸ਼ਹੀਦ (ਸ਼ੌਰਿਆ ਚੱਕਰ) ਮੇਜਰ ਹਰਮਿੰਦਰ ਪਾਲ ਸਿੰਘ ਸਰਕਾਰੀ ਕਾਲਜ, ਫੇਜ਼ 6, ਮੁਹਾਲੀ ਵਿੱਚ ਆਜ਼ਾਦੀ ਦਿਵਸ ਦੇ ਜਸ਼ਨਾਂ ਦੀ ਰਿਹਰਸਲ ਦੇ ਪਹਿਲੇ ਦਿਨ ਦਾ ਜਾਇਜ਼ਾ ਲਿਆ।
ਉਨ੍ਹਾਂ ਦੱਸਿਆ ਕਿ ਪੰਜਾਬ ਦੇ ਖੇਤੀਬਾੜੀ, ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਗੁਰਮੀਤ ਸਿੰਘ ਖੁੱਡੀਆਂ 15 ਅਗਸਤ ਨੂੰ ਮੁੱਖ ਮਹਿਮਾਨ ਹੋਣਗੇ, ਜਦੋਂਕਿ ਅੰਤਿਮ ਰਿਹਰਸਲ 13 ਅਗਸਤ ਨੂੰ ਸਵੇਰੇ 9:00 ਵਜੇ ਹੋਵੇਗੀ। ਜਸ਼ਨਾਂ ਵਿੱਚ ਮਾਰਚ ਪਾਸਟ ਅਤੇ ਸੱਭਿਆਚਾਰਕ ਗਤੀਵਿਧੀਆਂ ਦੇ ਨਾਲ-ਨਾਲ ਰਾਜ ਦੇ ਪ੍ਰਮੁੱਖ ਲੋਕ ਪੱਖੀ ਪ੍ਰੋਗਰਾਮਾਂ ਅਤੇ ਭਲਾਈ ਸਕੀਮਾਂ ਨੂੰ ਦਰਸਾਉਂਦੀਆਂ ਝਾਕੀਆਂ ਪੇਸ਼ ਕੀਤੀਆਂ ਜਾਣਗੀਆਂ।
ਇਸ ਮੌਕੇ ਏਡੀਸੀ ਗੀਤਿਕਾ ਸਿੰਘ, ਸੋਨਮ ਚੌਧਰੀ ਅਤੇ ਅਨਮੋਲ ਸਿੰਘ ਧਾਲੀਵਾਲ, ਏਸੀਏ ਗਮਾਡਾ ਅਮਰਿੰਦਰ ਸਿੰਘ ਮੱਲ੍ਹੀ, ਐਸਪੀ (ਹੈੱਡਕੁਆਰਟਰ) ਰਮਨਦੀਪ ਸਿੰਘ ਹਾਜ਼ਰ ਸਨ।
ਨੰਗਲ (ਪੱਤਰ ਪ੍ਰੇਰਕ): ਸੁਤੰਤਰਤਾ ਦਿਵਸ ਸਮਾਰੋਹ ਨੰਗਲ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਵਿਚ ਧੂਮ-ਧਾਮ ਨਾਲ ਮਨਾਇਆ ਜਾਵੇਗਾ ਜਿਸਦੀਆਂ ਤਿਆਰੀਆ ਸਬੰਧੀ ਅੱਜ ਦੂਜੀ ਰਿਹਸਲ ਸਰਕਾਰੀ ਸਕੂਲ ਆਫ ਐਮੀਨੈਂਸ ਨੰਗਲ ਵਿਖੇ ਕਰਵਾਈ ਗਈ। ਇਹ ਜਾਣਕਾਰੀ ਐਸ.ਡੀ.ਐਮ ਨੰਗਲ ਸਚਿਨ ਪਾਠਕ ਨੇ ਅੱਜ ਅਜਾਦੀ ਦਿਵਸ ਸਮਾਰੋਹ ਦੀ ਦੂਜੀ ਰਿਹਸਲ ਮੌਕੇ ਪੇਸ਼ਕਾਰੀਆਂ ਦਾ ਜਾਇਜ਼ਾ ਲੈਣ ਮੌਕੇ ਦਿੱਤੀ। ਇਸ ਮੌਕੇ ਕੁਲਵਿੰਦਰ ਸਿੰਘ ਤਹਿਸੀਲਦਾਰ, ਪ੍ਰਿੰਸੀਪਲ ਕਿਰਨ ਸ਼ਰਮਾ, ਪ੍ਰਿੰਸੀਪਲ ਵਿਜੇ ਭਾਟੀਆਂ ਹਾਜ਼ਰ ਸਨ।
ਸ਼ਹੀਦਾਂ ਦੇ ਪਰਿਵਾਰਾਂ ਨੂੰ ਪੂਰਾ ਮਾਣ-ਸਨਮਾਨ ਦੇਣ ਦੀ ਮੰਗ
ਖਰੜ (ਪੱਤਰ ਪ੍ਰੇਰਕ): ਖਰੜ ਦੇ ਆਮ ਆਦਮੀ ਪਾਰਟੀ ਨਾਲ ਸਬੰਧਤ ਨਗਰ ਕੌਂਸਲ ਅਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਮੈਂਬਰ ਰਾਮ ਸਰੂਪ ਸ਼ਰਮਾ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਆਜ਼ਾਦੀ ਦਿਹਾੜੇ ਸਬੰਧੀ ਸਮਾਗਮਾਂ ਵਿਚ ਸ਼ਹੀਦਾਂ ਦੇ ਪਰਿਵਾਰਾਂ ਨੂੰ ਪਹਿਲੀ ਕਤਾਰ ਵਿਚ ਬਿਠਾਇਆ ਜਾਵੇ। ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਵੇਖਣ ਵਿਚ ਆਇਆ ਹੈ ਕਿ ਆਜ਼ਾਦੀ ਦਿਹਾੜੇ ਸਬੰਧੀ ਸਰਕਾਰੀ ਸਮਾਗਮਾਂ ਵਿਚ ਸ਼ਹੀਦਾਂ ਨੂੰ ਪਿੱਛੇ ਬਿਠਾਇਆ ਜਾਂਦਾ ਹੈ ਅਤੇ ਉਨ੍ਹਾਂ ਨੂੰ ਬਣਦਾ ਮਾਣ-ਸਨਮਾਨ ਵੀ ਨਹੀਂ ਦਿੱਤਾ ਜਾਂਦਾ। ਉਨ੍ਹਾਂ ਮੰਗ ਕੀਤੀ ਕਿ ਹੁਣ 15 ਅਗਸਤ ਨੂੰ ਸ਼ਹੀਦਾਂ ਦੇ ਪਰਿਵਾਰ ਪਹਿਲੀ ਕਤਾਰ ਵਿਚ ਬੈਠਣ ਅਤੇ ਉਨ੍ਹਾਂ ਦਾ ਮਾਣ-ਸਨਮਾਨ ਵੀ ਹੋਵੇ।