ਜੀਟੀਯੂ ਵੱਲੋਂ ਅਧਿਆਪਕਾਂ ਨੂੰ ਬਦਲੀਆਂ ਦਾ ਮੌਕਾ ਦੇਣ ਦੀ ਮੰਗ
ਗੌਰਮਿੰਟ ਟੀਚਰਜ਼ ਯੂਨੀਅਨ ਨੇ ਅਧਿਆਪਕਾਂ ਨੂੰ ਬਦਲੀਆਂ ਦਾ ਇੱਕ ਹੋਰ ਮੌਕਾ ਦੇਣ ਲਈ ਬਦਲੀਆਂ ਦਾ ਦੂਜਾ ਗੇੜ ਚਲਾਉਣ ਦੀ ਮੰਗ ਕੀਤੀ ਹੈ। ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ, ਜਨਰਲ ਸਕੱਤਰ ਗੁਰਬਿੰਦਰ ਸਿੰਘ ਸਸਕੌਰ ਅਤੇ ਪ੍ਰੈੱਸ ਸਕੱਤਰ ਧਰਮਿੰਦਰ ਸਿੰਘ ਭੰਗੂ ਨੇ ਕਿਹਾ ਹੈ ਕਿ ਬਦਲੀਆਂ ਦੇ ਪਹਿਲੇ ਗੇੜ ਵਿੱਚ ਬਹੁਤ ਸਾਰੇ ਅਧਿਆਪਕ ਬਦਲੀ ਤੋਂ ਵਾਂਝੇ ਰਹਿ ਗਏ ਹਨ ਅਤੇ ਜਿਹੜੇ ਸਟੇਸ਼ਨਾਂ ’ਤੇ ਉਹ ਜਾਣਾ ਚਾਹੁੰਦੇ ਸਨ, ਉਹ ਸਟੇਸ਼ਨ ਵੀ ਖਾਲੀ ਪਏ ਹਨ।
ਇਸ ਕਰਕੇ ਇਨ੍ਹਾਂ ਲੋੜਵੰਦ ਅਧਿਆਪਕਾਂ ਨੂੰ ਬਦਲੀ ਦਾ ਮੌਕਾ ਜ਼ਰੂਰ ਮਿਲਣਾ ਚਾਹੀਦਾ ਹੈ । ਇਸ ਦੇ ਨਾਲ ਹੀ ਅਧਿਆਪਕ ਆਗੂਆਂ ਨੇ ਮੰਗ ਕੀਤੀ ਕਿ ਸੰਨ 2024 ਵਿੱਚ ਪਦਉੱਨਤ ਹੋਏ ਅਧਿਆਪਕ ਜਿਨ੍ਹਾਂ ਵਿੱਚ ਪ੍ਰਾਇਮਰੀ ਤੋਂ ਮਾਸਟਰ ਕਾਡਰ ਅਤੇ ਮਾਸਟਰ ਕਾਡਰ ਤੋਂ ਲੈਕਚਰਾਰ ਸ਼ਾਮਲ ਹਨ ਨੂੰ ਵੀ ਬਦਲੀ ਦਾ ਵਿਸ਼ੇਸ਼ ਮੌਕਾ ਦੇ ਕੇ ਇਨਸਾਫ਼ ਦੇਣਾ ਚਾਹੀਦਾ ਹੈ ਕਿਉਂਕਿ ਉਨ੍ਹਾਂ ਦੀਆਂ ਪਦਉੱਨਤੀਆਂ ਵੇਲੇ ਵਿਭਾਗ ਵੱਲੋਂ ਸਾਰੇ ਖਾਲੀ ਸਟੇਸ਼ਨ ਪ੍ਰਦਰਸ਼ਿਤ ਨਹੀਂ ਕੀਤੇ ਗਏ ਸਨ। ਇਸ ਕਰਕੇ ਅਜਿਹੇ ਸੀਨੀਅਰ ਅਧਿਆਪਕ ਦੂਰ ਦੁਰਾਡੇ ਸਕੂਲਾਂ ਵਿੱਚ ਨੌਕਰੀ ਕਰਨ ਲਈ ਮਜਬੂਰ ਹਨ।
ਇਸ ਦੇ ਨਾਲ ਹੀ ਉਨ੍ਹਾਂ ਤਿਕੋਣੀ ਬਦਲੀ ਦੇ ਇੱਛੁੁਕ ਅਧਿਆਪਕਾਂ ਨੂੰ ਵੀ ਬਦਲੀ ਦਾ ਵਿਸ਼ੇਸ਼ ਮੌਕਾ ਦੇਣ ਦੀ ਮੰਗ ਕੀਤੀ ਹੈ। ਉਕਤ ਆਗੂਆਂ ਨੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਤੋਂ ਮੰਗ ਕੀਤੀ ਕਿ ਉਹ ਨਿੱਜੀ ਪਹਿਲ ਕਦਮੀ ਦੇ ਨਾਲ ਅਧਿਆਪਕਾਂ ਨੂੰ ਬਦਲੀ ਦਾ ਇੱਕ ਹੋਰ ਗੇੜ ਚਲਾ ਕੇ ਬਦਲੀ ਦਾ ਮੌਕਾ ਦੇਣ।