ਜੀ ਐੱਸ ਟੀ: ਅਕਤੂਬਰ ਮਹੀਨੇ ਵਸੂਲੀ ਚਾਰ ਫ਼ੀਸਦੀ ਘਟੀ
ਚੰਡੀਗੜ੍ਹ ਪ੍ਰਸ਼ਾਸਨ ਲਈ ਅਕਤੂਬਰ ਮਹੀਨਾ ਆਰਥਿਕ ਪੱਖ ਤੋਂ ਵਧੇਰੇ ਲਾਹੇਵੰਦ ਨਹੀਂ ਰਿਹਾ ਹੈ। ਇਸ ਵਾਰ ਅਕਤੂਬਰ ਮਹੀਨੇ ਵਿੱਚ ਸਾਰੇ ਤਿਉਹਾਰ ਹੋਣ ਦੇ ਬਾਵਜੂਦ ਜੀ ਐੱਸ ਟੀ ਕੁਲੈਕਸ਼ਨ ਪਿਛਲੇ ਸਾਲ ਦੇ ਮੁਕਾਬਲੇ ਚਾਰ ਫ਼ੀਸਦ ਘੱਟ ਇਕੱਠਾ ਹੋਇਆ ਹੈ। ਪਿਛਲੇ ਸਾਲ ਅਕਤਬੂਰ ਮਹੀਨੇ ਵਿੱਚ 243 ਕਰੋੜ ਰੁਪਏ ਜੀ ਐੱਸ ਟੀ ਮਾਲੀਆ ਇਕੱਠਾ ਹੋਇਆ ਸੀ ਜਦੋਂਕਿ ਇਸ ਸਾਲ 233 ਕਰੋੜ ਰੁਪਏ ਦੀ ਇਕੱਠੇ ਹੋਏ ਹਨ। ਇਸ ਤਰ੍ਹਾਂ ਚੰਡੀਗੜ੍ਹ ਨੂੰ ਅਕਤੂਬਰ ਮਹੀਨੇ ਦੌਰਾਨ ਪਿਛਲੇ ਸਾਲ ਦੇ ਮੁਕਾਬਲੇ 10 ਕਰੋੜ ਰੁਪਏ ਦੇ ਵਿੱਤੀ ਘਾਟੇ ਦਾ ਸਾਹਮਣਾ ਕਰਨਾ ਪਿਆ ਹੈ। ਹਾਲਾਂਕਿ ਸਤੰਬਰ ਮਹੀਨਾ ਯੂਟੀ ਪ੍ਰਸ਼ਾਸਨ ਲਈ ਲਾਹੇਵੰਦ ਸਾਬਤ ਹੋਇਆ ਸੀ। ਸਤੰਬਰ ਵਿੱਚ ਯੂਟੀ ਪ੍ਰਸ਼ਾਸਨ ਨੇ ਜੀਐੱਸਟੀ ਤੋਂ ਪਿਛਲੇ ਸਾਲ ਦੇ ਮੁਕਾਬਲੇ 17 ਫ਼ੀਸਦ ਵੱਧ ਜੀ ਐੱਸ ਟੀ ਇਕੱਠਾ ਕੀਤਾ ਸੀ। ਪਿਛਲੇ ਸਾਲ ਸਤੰਬਰ ਮਹੀਨੇ ਵਿੱਚ 197 ਕਰੋੜ ਰੁਪਏ ਜੀ ਐੱਸ ਟੀ ਮਾਲੀਆ ਇਕੱਠਾ ਹੋਇਆ ਸੀ ਜਦੋਂਕਿ ਇਸ ਸਾਲ 231 ਕਰੋੜ ਰੁਪਏ ਇਕੱਠੇ ਹੋਏ ਹਨ। ਇਸ ਤੋਂ ਪਹਿਲਾਂ ਅਗਸਤ ਮਹੀਨਾ ਵੀ ਯੂਟੀ ਪ੍ਰਸ਼ਾਸਨ ਲਈ ਘਾਟੇ ਵਾਲਾ ਰਿਹਾ ਹੈ। ਅਗਸਤ 2025 ਵਿੱਚ ਪਿਛਲੇ ਸਾਲ ਦੇ ਮੁਕਾਬਲੇ 12 ਫ਼ੀਸਦ ਘੱਟ ਜੀ ਐੱਸ ਟੀ ਮਾਲੀਆ ਇਕੱਠਾ ਹੋਇਆ ਹੈ। ਇਸ ਵਾਰ ਅਗਸਤ ਮਹੀਨੇ ਵਿੱਚ ਜੀ ਐੱਸ ਟੀ ਸਿਰਫ਼ 214 ਕਰੋੜ ਰੁਪਏ ਇਕੱਠੇ ਹੋਏ ਹਨ ਜਦੋਂਕਿ ਪਿਛਲੇ ਸਾਲ 244 ਕਰੋੜ ਇਕੱਠੇ ਹੋਏ ਸਨ।
ਇਸੇ ਤਰ੍ਹਾਂ ਜੂਨ ਤੇ ਜੁਲਾਈ ਮਹੀਨਾ ਵਿੱਚ ਪ੍ਰਸ਼ਾਸਨ ਲਈ ਨਮੋਸ਼ੀ ਭਰਿਆ ਰਿਹਾ ਹੈ। ਜੁਲਾਈ ਮਹੀਨੇ ਵਿੱਚ ਜੀ ਐੱਸ ਟੀ ਮਾਲੀਆ ਪਿਛਲੇ ਸਾਲ ਦੇ ਮੁਕਾਬਲੇ ਪੰਜ ਫ਼ੀਸਦ ਘੱਟ 221 ਕਰੋੜ ਰੁਪਏ ਇਕੱਠਾ ਹੋਇਆ ਹੈ ਜਦੋਂਕਿ ਪਿਛਲੇ ਸਾਲ ਜੁਲਾਈ ਮਹੀਨੇ ਵਿੱਚ ਜੀ ਐੱਸ ਟੀ ਮਾਲੀਆ 233 ਕਰੋੜ ਰੁਪਏ ਇਕੱਠੇ ਹੋਏ ਸਨ। ਜੂਨ ਮਹੀਨੇ ਵਿੱਚ ਪਿਛਲੇ ਸਾਲ ਦੇ ਮੁਕਾਬਲੇ ਦੋ ਫ਼ੀਸਦ ਘੱਟ ਜੀ ਐੱਸ ਟੀ ਮਾਲੀਆ ਇਕੱਠਾ ਹੋਇਆ ਹੈ। ਪਿੱਛਲੇ ਸਾਲ ਜੂਨ ਮਹੀਨੇ ਵਿੱਚ 224 ਕਰੋੜ ਰੁਪਏ ਜੀ ਐੱਸ ਟੀ ਦੇ ਇਕੱਠੇ ਹੋਏ ਸਨ, ਜੋ ਇਸ ਸਾਲ ਘਟ ਕੇ 220 ਕਰੋੜ ਰੁਪਏ ਹੀ ਰਹਿ ਗਏ ਹਨ।
ਇਸ ਤੋਂ ਪਹਿਲਾਂ ਮਈ 2025 ਵਿੱਚ ਪਿਛਲੇ ਸਾਲ ਦੇ ਮੁਕਾਬਲੇ 53 ਫ਼ੀਸਦ ਵੱਧ ਰਿਕਾਰਡ ਜੀ ਐੱਸ ਟੀ ਮਾਲੀਆ ਇਕੱਠਾ ਹੋਇਆ ਹੈ। ਮਈ 2025 ਵਿੱਚ ਜੀ ਐੱਸ ਟੀ ਦੇ 363 ਕਰੋੜ ਰੁਪਏ ਇਕੱਠੇ ਹੋਏ ਹਨ ਜਦੋਂਕਿ ਪਿਛਲੇ ਸਾਲ ਮਈ ਮਹੀਨੇ ਵਿੱਚ 237 ਕਰੋੜ ਰੁਪਏ ਜੀ ਐੱਸ ਟੀ ਇਕੱਠਾ ਹੋਇਆ ਸੀ। ਇਸ ਤਰ੍ਹਾਂ ਪ੍ਰਸ਼ਾਸਨ ਨੇ 126 ਕਰੋੜ ਰੁਪਏ ਵੱਧ ਜੀ ਐੱਸ ਟੀ ਇਕੱਠਾ ਕੀਤਾ ਹੈ। ਅਪਰੈਲ 2025 ਵਿੱਚ ਵੀ ਪਿਛਲੇ ਸਾਲ ਦੇ ਮੁਕਾਬਲੇ 7 ਫ਼ੀਸਦ ਵੱਧ ਜੀ ਐੱਸ ਟੀ ਇਕੱਠਾ ਹੋਇਆ ਹੈ।
