ਪੁਸ਼ਪਕ ਸੁਸਾਇਟੀ ’ਚ ਹਰੇ ਰੁੱਖ ਵੱਢੇ
ਸੈਕਟਰ 49-ਬੀ ਦੀ ਪੁਸ਼ਪਕ ਸੁਸਾਇਟੀ ਅਤੇ ਆਲੇ ਦੁਆਲੇ ਦੇ ਖੇਤਰ ਵਿੱਚ ਛੰਗਾਈ ਦੇ ਨਾਂ ਉਤੇ ਰੁੱਖਾਂ ਦੀ ਬੁਰੀ ਤਰ੍ਹਾਂ ਕੀਤੀ ਕਟਾਈ ਦਾ ਮਸਲਾ ਚੰਡੀਗੜ੍ਹ ਦੀ ਵਾਤਾਵਰਨ ਸੁਸਾਇਟੀ (ਈ ਐੱਸ ਆਈ) ਵੱਲੋਂ ਉਭਾਰਨ ਅਤੇ ਪੁਲੀਸ ਨੂੰ ਸ਼ਿਕਾਇਤ ਦੇਣ ’ਤੇ ਸੈਕਟਰ 49 ਥਾਣੇ ਪੁਲੀਸ ਨੇ ਡੀ ਡੀ ਆਰ ਦਰਜ ਕਰ ਲਈ ਹੈ। ਇਨਵਾਇਰਨਮੈਂਟ ਸੁਸਾਇਟੀ ਆਫ਼ ਇੰਡੀਆ (ਈ ਐੱਸ ਆਈ) ਦੇ ਸਕੱਤਰ ਐੱਨ. ਕੇ. ਝੀਂਗਨ ਨੇ ਦੱਸਿਆ ਕਿ ਸੁਸਾਇਟੀ ਨੇ ਪ੍ਰਸ਼ਾਸਨ ਅਤੇ ਪੁਲੀਸ ਅਧਿਕਾਰੀਆਂ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਅਤੇ ਕਾਰਵਾਈ ਨਾ ਹੋੋਣ ’ਤੇ ਮੁਜ਼ਾਹਰੇ ਲਈ ਅਲਟੀਮੇਟਮ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਸ਼ਹਿਰ ਵਿੱਚ ਵੱਡੀ ਗਿਣਤੀ ਵਿੱਚ ਰੁੱਖ ਜਾਂ ਤਾਂ ਸ਼ਹਿਰ ਵਾਸੀਆਂ ਵੱਲੋਂ ਖੁਦ ਜਾਂ ਫਿਰ ਬਾਗਬਾਨੀ ਵਿਭਾਗ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਕੱਟੇ ਜਾ ਰਹੇ ਹਨ। ਲੋਕਾਂ ਦਾ ਕਹਿਣਾ ਹੈ ਇਹ ਧੁੱਪ ਘਰਾਂ ਤੱਕ ਪਹੁੰਚਣ ਤੋਂ ਰੋਕਦੇ ਹਨ ਤੇ ਉਹ ਸਿਰਫ ਰੁੱਖਾਂ ਦੀ ਕਾਂਟ-ਛਾਂਟ ਕਰਦੇ ਹਨ। ਆਗੂਆਂ ਨੇ ਕਿਹਾ ਕਿ ਪਰ ਹਕੀਕਤ ਇਹ ਹੈ ਰੁੱਖਾਂ ਨੂੰ ਵਿਚਕਾਰੋਂ ਕੱਟ ਹੀ ਦਿੱਤਾ ਜਾਂਦਾ ਹੈ। ਝੀਂਗਨ ਮੁਤਾਬਤ ਨੇ ਉਨ੍ਹਾਂ ਪੁਸ਼ਪਕ ਸੁਸਾਇਟੀ, ਸੈਕਟਰ 49-ਬੀ, ਚੰਡੀਗੜ੍ਹ ਵਿੱਚ ਅਣ-ਅਧਿਕਾਰਤ ਰੁੱਖਾਂ ਦੀ ਕਟਾਈ ਦੇਖੀ ਤੇ ਚੰਡੀਗੜ੍ਹ ਪ੍ਰਸ਼ਾਸਨ ਤੇ ਨਗਰ ਨਿਗਮ ਨੂੰ ਸੂਚਿਤ ਕੀਤਾ।
