ਪੰਜਾਬ ’ਚ ਸੈਮੀਕੰਡਕਟਰ ਪ੍ਰਾਜੈਕਟ ਲਾਉਣ ਲਈ ਹਰੀ ਝੰਡੀ
ਕੇਂਦਰੀ ਵਜ਼ਾਰਤ ਨੇ ਪੰਜਾਬ, ਉੜੀਸਾ ਅਤੇ ਆਂਧਰਾ ਪ੍ਰਦੇਸ਼ ਵਿੱਚ ਕੁੱਲ 4,594 ਕਰੋੜ ਰੁਪਏ ਦੇ ਨਿਵੇਸ਼ ਨਾਲ ਚਾਰ ਸੈਮੀਕੰਡਕਟਰ ਪ੍ਰਾਜੈਕਟ ਲਾਉਣ ਨੂੰ ਹਰੀ ਝੰਡੀ ਦੇ ਦਿੱਤੀ ਹੈ। ਸੂਚਨਾ ਤੇ ਪ੍ਰਸਾਰਨ ਮੰਤਰੀ ਅਸ਼ਵਨੀ ਵੈਸ਼ਨਵ ਨੇ ਕੈਬਨਿਟ ਦੀ ਮੀਟਿੰਗ ਵਿੱਚ ਲਏ ਫ਼ੈਸਲਿਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਤਜਵੀਜ਼ ‘ਇੰਡੀਆ ਸੈਮੀਕੰਡਕਟਰ ਮਿਸ਼ਨ’ ਤਹਿਤ ਮਨਜ਼ੂਰ ਕੀਤੀ ਗਈ ਹੈ।
ਪੰਜਾਬ ਵਿਚ 117 ਕਰੋੜ ਰੁਪਏ ਦੀ ਲਾਗਤ ਵਾਲਾ ਇਹ ਪ੍ਰਾਜੈਕਟ ਮੁਹਾਲੀ ਵਿਚ ਲੱਗੇਗਾ। ਇਹ ਇਲੈਕਟ੍ਰਾਨਿਕ ਸਾਮਾਨ ਬਣਾਉਣ ਵਾਲੀ ਕੰਪਨੀ ਸੀਡੀਆਈਐੱਲ ਵੱਲੋਂ ਲਾਇਆ ਜਾਵੇਗਾ, ਜਿਸ ਵਿਚ ਸਾਲਾਨਾ 15.8 ਕਰੋੜ ਚਿੱਪਾਂ ਬਣਾਈਆਂ ਜਾ ਸਕਣਗੀਆਂ। ਇਸ ਮਿਸ਼ਨ ਤਹਿਤ ਚਿੱਪ ਬਣਾਉਣ ਵਾਲੀਆਂ ਇਕਾਈਆਂ ਦੀ ਸਥਾਪਤੀ ਲਈ ਵਿੱਤੀ ਮਦਦ ਦੇਣ ਵਾਸਤੇ 76,000 ਕਰੋੜ ਰੁਪਏ ਦੀ ਵਿਵਸਥਾ ਕੀਤੀ ਗਈ ਹੈ।
ਇਸ ਤੋਂ ਇਲਾਵਾ ਕੇਂਦਰੀ ਵਜ਼ਾਰਤ ਨੇ ਉੱਤਰ ਪ੍ਰਦੇਸ਼ ਵਿੱਚ ਲਖਨਊ ਮੈਟਰੋ ਰੇਲ ਪ੍ਰਾਜੈਕਟ ਦੇ ਫੇਜ਼-1ਬੀ ਨੂੰ ਪ੍ਰਵਾਨਗੀ ਦਿੱਤੀ ਹੈ। ਇਸ ਪ੍ਰਾਜੈਕਟ ਦਾ ਕੌਰੀਡੋਰ 11.165 ਕਿਲੋਮੀਟਰ ਲੰਮਾ ਹੋਵੇਗਾ ਜਿਸ ’ਤੇ 5801 ਕਰੋੜ ਰੁਪਏ ਖ਼ਰਚ ਹੋਣਗੇ। ਵਜ਼ਾਰਤ ਨੇ 700 ਮੈਗਾਵਾਟ ਦੇ ਟੈਟੋ-2 ਪਣਬਿਜਲੀ ਪ੍ਰਾਜੈਕਟ ਲਈ 8146.21 ਕਰੋੜ ਰੁਪਏ ਦੇ ਨਿਵੇਸ਼ ਨੂੰ ਮਨਜ਼ੂਰੀ ਦਿੱਤੀ ਹੈ। ਅਰੁਣਾਚਲ ਪ੍ਰਦੇਸ਼ ਦੇ ਸ਼ਿਓਮੀ ਜ਼ਿਲ੍ਹੇ ਵਿੱਚ ਸਥਿਤ ਇਸ ਪ੍ਰਾਜੈਕਟ ਦੇ ਪੂਰਾ ਹੋਣ ਦੀ ਮਿਆਦ 72 ਮਹੀਨੇ ਹੈ।