ਰਾਜਪਾਲ ਗੁਲਾਬ ਚੰਦ ਕਟਾਰੀਆ ਤੇ ਅਮਨ ਅਰੋੜਾ ਨੇ ਫੋਰਟਿਸ ਹਸਪਤਾਲ ਵਿੱਚ ਮੁੱਖ ਮੰਤਰੀ ਦੀ ਖ਼ਬਰਸਾਰ ਲਈ
ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਅੱਜ ਫੋਰਟਿਸ ਹਸਪਤਾਲ ਜਾ ਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਖ਼ਬਰਸਾਰ ਲਈ। ਕਟਾਰੀਆ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਹਵਾਈ ਸਰਵੇਖਣ ਮਗਰੋਂ ਰਾਹਤ ਪੈਕੇਜ ਵਜੋਂ ਸੂਬੇ ਲਈ ਐਲਾਨੇ 1600 ਕਰੋੜ ਰੁੁਪਏ ਨੂੰ ‘ਟੋਕਨ ਮਨੀ’ ਦੱਸਿਆ। ਰਾਜਪਾਲ ਨੇ ਦਾਅਵਾ ਕੀਤਾ ਕਿ ਇਹ ਸ਼ੁਰੂਆਤੀ ਪੈਕੇਜ ਹੈ ਤੇ ਲੋੜ ਪੈਣ ’ਤੇ ਹੋਰ ਫੰਡ ਜਾਰੀ ਕੀਤੇ ਜਾਣਗੇ।
ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜਪਾਲ ਨੇ ਕਿਹਾ ਕਿ ਬੀਤੇ ਦਿਨੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਤੋਂ ਪੰਜਾਬ ਦੇ ਮੁੱਖ ਮੰਤਰੀ ਦੀ ਸਿਹਤ ਬਾਰੇ ਪੁੱਛਿਆ ਸੀ। ਰਾਜਪਾਲ ਨੇ ਕਿਹਾ ਕਿ ਉਨ੍ਹਾਂ ਨੂੰ ਹਸਪਤਾਲ ਜਾ ਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਦਾ ਹਾਲ ਜਾਣ ਕੇ ਉਨ੍ਹਾਂ (ਪ੍ਰਧਾਨ ਮੰਤਰੀ) ਨੂੰ ਜਾਣੂ ਕਰਾਉਣ ਲਈ ਕਿਹਾ ਗਿਆ ਸੀ। ਇਹੀ ਵਜ੍ਹਾ ਹੈ ਕਿ ਉਹ ਅੱਜ ਇੱਥੇ ਆਏ ਹਨ।
ਰਾਜਪਾਲ ਨੇ ਕਿਹਾ ਕਿ ਭਗਵੰਤ ਮਾਨ ਦੀ ਸਿਹਤ ਪਹਿਲਾਂ ਨਾਲੋਂ ਕਾਫੀ ਬਿਹਤਰ ਹੈ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਨੇ ਉਨ੍ਹਾਂ ਤੋਂ ਪ੍ਰਧਾਨ ਮੰਤਰੀ ਵੱਲੋਂ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੀ ਫੇਰੀ ਸਬੰਧੀ ਜਾਣਕਾਰੀ ਲਈ। ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਵੱਲੋਂ ਸ਼ੁਰੂਆਤੀ ਪੈਕਜ ਐਲਾਨ ਦਿੱਤਾ ਗਿਆ ਹੈ ਜਦੋਂ ਵੀ ਹੋਰ ਜ਼ਰੂਰਤ ਹੋਈ ਤਾਂ ਕੇਂਦਰ ਹੋਰ ਵੀ ਫੰਡ ਜਾਰੀ ਕਰੇਗਾ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਟੋਕਨ ਮਨੀ ਹੈ। ਕੇਂਦਰ ਵੱਲੋਂ ਕੇਂਦਰੀ ਟੀਮਾਂ ਦੇ ਸਰਵੇਖਣ ਦੀ ਰਿਪੋਰਟ ਮਗਰੋਂ ਸੌ ਫ਼ੀਸਦੀ ਹੋਰ ਮੁਆਵਜ਼ਾ ਰਾਸ਼ੀ ਭੇਜੀ ਜਾਵੇਗੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਵੱਲੋਂ ਭਰੋਸਾ ਦਿੱਤਾ ਗਿਆ ਹੈ ਕਿ ਪੰਜਾਬ ਦੇ ਕਿਸਾਨਾਂ ਅਤੇ ਹੋਰ ਲੋਕਾਂ ਦਾ ਜੋ ਵੀ ਨੁਕਸਾਨ ਹੋਇਆ ਹੈ ਉਸ ਦੀ ਭਰਪਾਈ ਕੀਤੀ ਜਾਵੇਗੀ।
ਅਮਨ ਅਰੋੜਾ ਨੇ ਮੁੱਖ ਮੰਤਰੀ ਦਾ ਹਾਲਚਾਲ ਪੁੱਛਿਆ, ਦੋ ਦਿਨਾਂ ’ਚ ਛੁੱਟੀ ਮਿਲਣ ਦਾ ਦਾਅਵਾ
ਕੈਬਨਿਟ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਮਨ ਅਰੋੜਾ ਨੇ ਵੀ ਹਸਪਤਾਲ ਜਾ ਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਦਾ ਹਾਲ ਚਾਲ ਜਾਣਿਆ। ਅਰੋੜਾ ਨੇ ਹਸਪਤਾਲ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਦੀ ਸਿਹਤ ਵਿੱਚ ਬਹੁਤ ਸੁਧਾਰ ਹੈ। ਉਨ੍ਹਾਂ ਨੂੰ ਅਗਲੇ ਇੱਕ ਦੋ ਦਿਨਾਂ ਵਿੱਚ ਹਸਪਤਾਲ ਤੋਂ ਛੁੱਟੀ ਮਿਲ ਜਾਵੇਗੀ। ਉਨ੍ਹਾਂ ਕਿਹਾ ਮੁੱਖ ਮੰਤਰੀ ਇੱਥੇ ਬੈਠੇ ਵੀ ਪੰਜਾਬ ਦੇ ਹੜ੍ਹਾਂ ਦੀ ਸਥਿਤੀ ’ਤੇ ਨਜ਼ਰ ਰੱਖ ਰਹੇ ਹਨ ਅਤੇ ਉਹ ਅਧਿਕਾਰੀਆਂ ਤੋਂ ਪਲ ਪਲ ਦੀ ਜਾਣਕਾਰੀ ਲੈ ਰਹੇ ਹਨ। ਪ੍ਰਧਾਨ ਮੰਤਰੀ ਵੱਲੋਂ ਜਾਰੀ ਰਾਹਤ ਫੰਡ ਸਬੰਧੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ 20 ਹਜ਼ਾਰ ਕਰੋੜ ਰੁਪਏ ਦੀ ਮੰਗ ਕੀਤੀ ਗਈ ਸੀ। ਪ੍ਰਧਾਨ ਮੰਤਰੀ ਵੱਲੋਂ ਕੇਵਲ 1600 ਕਰੋੜ ਰੁਪਏ ਹੀ ਜਾਰੀ ਕੀਤੇ ਗਏ ਹਨ ਇਹ ਊਠ ਦੇ ਮੂੰਹ ਵਿੱਚ ਜੀਰੇ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕੇ ਉਹ ਆਸ ਕਰਦੇ ਹਨ ਕਿ ਜਿਸ ਤਰ੍ਹਾਂ ਗਵਰਨਰ ਸਾਹਿਬ ਨੇ ਦੱਸਿਆ ਪ੍ਰਧਾਨ ਮੰਤਰੀ ਪੰਜਾਬ ਨੂੰ ਹੋਰ ਰਾਹਤ ਫੰਡ ਜਾਰੀ ਕਰਨਗੇ ਤਾਂ ਇਹ ਚੰਗੀ ਗੱਲ ਹੋਵੇਗੀ।