ਮੁਹਾਲੀ ਅੰਬੇਡਕਰ ਇੰਸਟੀਚਿਊਟ ਦੀ ਸਾਰ ਲਵੇ ਸਰਕਾਰ: ਬੇਦੀ
ਉਨ੍ਹਾਂ ਕਿਹਾ ਕਿ ਸੰਸਥਾ ਵਿਚ ਸਿਰਫ ਖਾਲੀ ਕਲਾਸਰੂਮ, ਉੱਗਿਆ ਘਾਹ, ਬੰਦ ਲਾਇਬ੍ਰੇਰੀਆਂ ਤੇ ਨਿਯਮਤ ਸਟਾਫ ਦੀ ਥਾਂ ਗੈਸਟ ਫੈਕਲਟੀ ਦੇ ਸਹਾਰੇ ਖੰਡਰ ਵਰਗਾ ਦ੍ਰਿਸ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਇਹ ਇੰਸਟੀਚਿਊਟ ਖਾਸ ਤੌਰ ’ਤੇ ਐੱਸਸੀ ਬੱਚਿਆਂ ਲਈ ਸਥਾਪਿਤ ਕੀਤਾ ਗਿਆ ਸੀ, ਤਾਂ ਜੋ ਗਰੀਬ ਘਰਾਂ ਦੇ ਹੋਣਹਾਰ ਵਿਦਿਆਰਥੀਆਂ ਨੂੰ ਮੁਫਤ ਸਹੂਲਤਾਂ ਤੇ ਗੁਣਵੱਤਾ ਵਾਲੀ ਕੋਚਿੰਗ ਮਿਲ ਸਕੇ। ਉਨ੍ਹਾਂ ਕਿਹਾ ਕਿ 120 ਸੀਟਾਂ ਵਾਲਾ ਇਹ ਕੇਂਦਰ ਅਧਿਆਪਕਾਂ ਤੋਂ ਖਾਲੀ ਪਿਆ ਹੈ। ਪ੍ਰਿੰਸੀਪਲ, ਲੈਕਚਰਾਰ, ਲਾਇਬ੍ਰੇਰੀਅਨ, ਲੈਬ ਅਟੈਂਡੈਂਟ ਤੋਂ ਲੈ ਕੇ ਸਫ਼ਾਈ ਸੇਵਕ ਤੱਕ ਸਾਰੇ ਹੀ ਰਿਟਾਇਰ ਹੋ ਚੁੱਕੇ ਹਨ। ਨਾ ਨਵੀਆਂ ਭਰਤੀਆਂ ਹੋਈਆਂ ਤੇ ਨਾ ਹੀ ਕੋਈ ਸਥਾਈ ਤੌਰ ’ਤੇ ਨਿਯੁਕਤੀ ਹੋਈ।
ਡਿਪਟੀ ਮੇਅਰ ਨੇ ਕਿਹਾ ਕਿ ਦੋ ਸਟੈਨੋ ਇੰਸਟਰਕਟਰਾਂ ਦੇ ਸਹਾਰੇ ਪੂਰੇ ਇੰਸਟੀਚਿਊਟ ਦਾ ਕੰਮ ਚਲਾਇਆ ਜਾ ਰਿਹਾ ਹੈ ਹੈ। ਉਹੀ ਦੋ ਬੰਦੇ ਕਲਾਸਾਂ ਤੋਂ ਲੈ ਕੇ ਹੋਸਟਲ ਤੱਕ ਦੇ ਇੰਚਾਰਜ ਹਨ। ਬੱਚਿਆਂ ਨੂੰ ਪੜ੍ਹਾਉਣ ਲਈ ਕੋਈ ਸਥਾਈ ਲੈਕਚਰਾਰ ਨਹੀਂ। ਗੈਸਟ ਫੈਕਲਟੀ ਰਾਹੀਂ ਪੜ੍ਹਾਉਣ ਦਾ ਬੁੱਤਾ ਸਾਰਿਆ ਜਾ ਰਿਹਾ ਹੈ।
ਕੈਪਸ਼ਨ: ਮੁਹਾਲੀ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਅੰਬੇਡਕਰ ਇੰਸਟੀਚਿਊਟ ਦੇ ਅਹਾਤੇ ਵਿਚ ਉੱਗਿਆ ਘਾਹ ਵਿਖਾਉਂਦੇ ਹੋਏ। -ਫੋਟੋ: ਚਿੱਲਾ