ਸ੍ਰੀ ਆਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਐਲਾਨੇ ਸਰਕਾਰ: ਨਿਹੰਗ ਮੁਖੀ
ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ 96ਵੇਂ ਕਰੋੜੀ ਨੇ ਗੁਰੂ ਤੇਗ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਸ੍ਰੀ ਆਨੰਦਪੁਰ ਸਾਹਿਬ ਨੂੰ ਤੁਰੰਤ ਪ੍ਰਭਾਵ ਨਾਲ ਜ਼ਿਲ੍ਹਾ ਬਣਾਉਣ ਦੀ ਸਰਕਾਰ ਤੋਂ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਖਾਲਸਾ ਪੰਥ ਦੀ ਧਰਤੀ ਸ੍ਰੀ ਆਨੰਦਪੁਰ ਸਾਹਿਬ ਦਾ ਅਸਲੀ ਵਿਕਾਸ ਉਦੋਂ ਹੀ ਸੰਭਵ ਹੈ ਜਦੋਂ ਇਸ ਇਤਿਹਾਸਕ ਨਗਰੀ ਨੂੰ ਵੱਖਰਾ ਜ਼ਿਲ੍ਹਾ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਸ਼ਹੀਦੀ ਦਿਹਾੜੇ ਦੇ ਸਮਾਗਮਾਂ ਸਬੰਧੀ ਸਰਕਾਰ ਨੂੰ ਕਿਸੇ ਨਾਲ ਵੀ ਉਲਝਣ ਵਿੱਚ ਨਹੀਂ ਪੈਣਾ ਚਾਹੀਦਾ, ਸਗੋਂ ਇਲਾਕੇ ਦੀ ਭਲਾਈ ਅਤੇ ਸਮਾਗਮਾਂ ਨੂੰ ਵਧੀਆ ਬਣਾਉਣ ਲਈ ਕੰਮ ਕਰਨਾ ਚਾਹੀਦਾ ਹੈ। ਬਾਬਾ ਬਲਬੀਰ ਸਿੰਘ ਨੇ ਇਤਿਹਾਸਕ ਚਰਨ ਗੰਗਾ ਸਟੇਡੀਅਮ ਦੀ ਮਾੜੀ ਦਸ਼ਾ ’ਤੇ ਚਿੰਤਾ ਜ਼ਾਹਿਰ ਕਰਦੇ ਹੋਏ ਕਿਹਾ ਕਿ ਇਸ ਸਟੇਡੀਅਮ ਨੂੰ ਤੁਰੰਤ ਸੁਧਾਰ ਕੇ ਇਸ ਇਤਿਹਾਸਕ ਸਟੇਡੀਅਮ ਨੂੰ ਵਧੀਆ ਅੰਤਰਰਾਸ਼ਟਰੀ ਪੱਧਰ ਦਾ ਬਣਾਇਆ ਜਾਣਾ ਚਾਹੀਦਾ ਹੈ। ਇਸਦੇ ਨਾਲ ਹੀ ਉਹਨਾਂ ਪੰਜਾਬ ਸਰਕਾਰ ਤੋਂ ਸ੍ਰੀ ਆਨੰਦਪੁਰ ਸਾਹਿਬ ਵਿੱਚ ਨਵੀਂ ਯੂਨੀਵਰਸਿਟੀ ਬਣਾਉਣ ਦੀ ਮੰਗ ਵੀ ਰੱਖੀ, ਤਾਂ ਜੋ ਖੇਤਰ ਵਿੱਚ ਉੱਚ ਸਿੱਖਿਆ ਦੇ ਮਜ਼ਬੂਤ ਦਰਵਾਜ਼ੇ ਖੋਲ੍ਹੇ ਜਾ ਸਕਣ। ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸ੍ਰੀ ਅਨੰਦਪੁਰ ਸਾਹਿਬ ਵਿੱਚ ਸੱਦੇ ਜਾਣ ’ਤੇ ਟਿੱਪਣੀ ਕਰਦਿਆਂ ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਇਸ ਸੈਸ਼ਨ ਦਾ ਫਾਇਦਾ ਤਾਂ ਹੀ ਹੈ ਜੇਕਰ ਸਰਕਾਰ ਇਸ ਪਵਿੱਤਰ ਨਗਰੀ ਨੂੰ ਜ਼ਿਲ੍ਹਾ ਐਲਾਨਦੀ ਹੈ।
