ਸਰਕਾਰੀ ਕਾਲਜ ਦੇ ਪ੍ਰੋਫ਼ੈਸਰ ਵੱਲੋਂ ਧਰਨਾ
ਇਥੇ ਜਵਾਹਰ ਲਾਲ ਨਹਿਰੂ ਸਰਕਾਰੀ ਕਾਲਜ ਤੂਰਾਂ ਦੇ ਅੰਗਰੇਜ਼ੀ ਵਿਭਾਗ ਦੇ ਪ੍ਰੋਫ਼ੈਸਰ ਧਰਮਜੀਤ ਸਿੰਘ ਜਲਵੇੜਾ ਨੇ ਕਾਲਜ ਪ੍ਰਿੰਸੀਪਲ ਉਪਰ ਕਥਿਤ ਪੱਖਪਾਤ ਕਰਨ ਦਾ ਦੋਸ਼ ਲਾਉਂਦੇ ਹੋਏ ਕਾਲਜ ਅੱਗੇ ਬੈਠ ਕੇ ਧਰਨਾ ਦਿਤਾ। ਉਨ੍ਹਾਂ ਦੋਸ਼ ਲਾਇਆ ਕਿ ਜਿਸ ਕਮਰੇ ਵਿਚ ਉਹ ਵਿਦਿਆਰਥੀਆਂ ਦੀ ਕਲਾਸ ਲਗਾਉਂਦੇ ਹਨ, ਉੱਥੇ ਪ੍ਰਿੰਸੀਪਲ ਨੇ ਉਨ੍ਹਾਂ ਨੂੰ ਬੈਠਣ ਤੋਂ ਮਨ੍ਹਾਂ ਕਰ ਦਿੱਤਾ ਹੈ। ਉਨ੍ਹਾਂ ਦੋਸ਼ ਲਾਇਅਆ ਕਿ ਉਨ੍ਹਾਂ ਨੂੰ ਜਿਹੜਾ ਕਮਰਾ ਦਿੱਤਾ ਗਿਆ ਹੈ, ਉਹ ਬਹੁਤ ਹੀ ਛੋਟਾ ਹੈ ਤੇ ਉਥੇ ਬੱਚਿਆਂ ਨੂੰ ਗਰਮੀ ਵਿੱਚ ਪੜ੍ਹਾਈ ਕਰਵਾਉਣਾ ਮੁਸ਼ਕਲ ਹੈ। ਉਸ ਨੇ ਦੋਸ਼ ਲਾਇਆ ਕਿ ਹੋਰ ਅਧਿਆਪਕ ਏਸੀ ਕਮਰਿਆਂ ’ਚ ਬੈਠਦੇ ਹਨ ਪ੍ਰੰਤੂ ਉਹ ਜਿਸ ਆਮ ਕਮਰੇ ਵਿੱਚ ਕਲਾਸ ਲਗਾਉਂਦੇ ਅਤੇ ਬੈਠਦੇ ਹਨ ਉੱਥੋਂ ਵੀ ਰੋਕਿਆ ਜਾ ਰਿਹਾ ਹੈ ਉਨ੍ਹਾਂ ਉਚੇਰੀ ਸਿਖਿਆ ਵਿਭਾਗ ਤੋਂ ਇਨਸਾਫ਼ ਦੀ ਮੰਗ ਕੀਤੀ ਹੈ।
ਕਾਲਜ ਪ੍ਰਿੰਸੀਪਲ ਨੇ ਦੋਸ਼ ਨਕਾਰੇ
Advertisementਪ੍ਰਿੰਸੀਪਲ ਮੋਨਿਕਾ ਸਹਿਗਲ ਨੇ ਸਾਰੇ ਦੋਸ਼ਾਂ ਨੂੰ ਗਲਤ ਦੱਸਿਆ ਹੈ। ਉਨ੍ਹਾਂ ਕਿਹਾ ਕਿ ਕਾਲਜ ਵਿੱਚ ਉਨ੍ਹਾਂ ਦੇ ਕਮਰੇ, ਸਟਾਫ਼ ਰੂਮ ਅਤੇ ਐੱਨਐੱਸਐੱਸ ਰੂਮ ਵਿਚ ਏਸੀ ਹਨ ਹੋਰ ਕਮਰਿਆਂ ਵਿੱਚ ਨਹੀਂ ਹਨ। ਉਨ੍ਹਾਂ ਪੱਖਪਾਤ ਦੇ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਉਨ੍ਹਾਂ ਕਦੇ ਵੀ ਲੈਕਚਰ ਰੂਮ ਵਿਚ ਬੱਚਿਆਂ ਨੂੰ ਪੜ੍ਹਾਉਣ ਤੋਂ ਨਹੀਂ ਰੋਕਿਆ ਅਤੇ ਉਹ ਵੀ ਬਾਕੀ ਸਟਾਫ਼ ਮੈਂਬਰਾਂ ਵਾਂਗ ਏਸੀ ਵਾਲੇ ਸਟਾਫ਼ ਰੂਮ ਵਿੱਚ ਬੈਠ ਸਕਦੇ ਹਨ।