ਦੁਕਾਨ ਦੇ ਤਾਲੇ ਤੋੜ ਕੇ ਲੱਖਾਂ ਦਾ ਸਾਮਾਨ ਚੋਰੀ
ਮੁਬਾਰਕਪੁਰ ਵਿਖੇ ਸਥਿਤ ਨਿਊ ਲਕਸ਼ਮੀ ਇਲੈਕਟ੍ਰਨਿਕਸ ਦੀ ਦੁਕਾਨ ਵਿੱਚੋਂ ਚੋਰ ਲੱਖਾਂ ਰੁਪਏ ਦਾ ਸਮਾਨ ਚੋਰੀ ਕਰ ਲੈ ਗਏ। ਚੋਰਾਂ ਨੇ ਦੁਕਾਨ ਦਾ ਸ਼ਟਰ ਤੋੜ ਕੇ ਇਸ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਦੁਕਾਨ ਮਾਲਕ ਦਵਿੰਦਰ ਸੈਣੀ ਨੇ ਦੱਸਿਆ ਕਿ ਚੋਰ ਦੁਕਾਨ ਵਿੱਚੋਂ ਕਰੀਬ ਦੋ ਲੱਖ ਰੁਪਏ ਕੀਮਤ ਦਾ ਸਾਮਾਨ ਚੋਰੀ ਕਰ ਲੈ ਗਏ। ਉਨ੍ਹਾਂ ਦੱਸਿਆ ਕਿ ਚੋਰੀ ਦੀ ਇਹ ਘਟਨਾ ਸੀ ਸੀ ਟੀ ਵੀ ਫੁਟੇਜ ਵਿੱਚ ਕੈਦ ਹੋ ਗਈ ਹੈ। ਇਸ ਮੁਤਾਬਕ ਚੋਰ ਤੜਕੇ ਤਿੰਨ ਵਜੇ ਤੋਂ ਛੇ ਵਜੇ ਦੇ ਵਿਚਕਾਰ ਦੁਕਾਨ ਵਿੱਚ ਦਾਖ਼ਲ ਹੋਏ ਅਤੇ ਚੋਰੀ ਕਰ ਫ਼ਰਾਰ ਹੋ ਗਏ। ਮੁਬਾਰਕਪੁਰ ਮੇਨ ਬਾਜ਼ਾਰ ਦੇ ਦੁਕਾਨਦਾਰਾਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਇਲਾਕੇ ਵਿੱਚ ਚੋਰੀ ਦੀ ਵਾਰਦਾਤਾਂ ਲਗਾਤਾਰ ਵਧਦੀ ਜਾ ਰਹੀਆਂ ਹਨ।
ਇਸ ਸਬੰਧੀ ਉਹ ਲਗਾਤਾਰ ਪੁਲੀਸ ਤੋਂ ਰਾਤ ਨੂੰ ਗਸ਼ਤ ਵਧਾਉਣ ਦੀ ਮੰਗ ਕਰ ਰਹੇ ਹਨ। ਡੀ ਐੱਸ ਪੀ ਬਿਕਰਮਜੀਤ ਸਿੰਘ ਬਰਾੜ ਨੇ ਕਿਹਾ ਕਿ ਮਾਮਲਾ ਧਿਆਨ ਵਿੱਚ ਆਉਣ ਮਗਰੋਂ ਮੁਬਾਰਕਪੁਰ ਚੌਕੀ ਇੰਚਾਰਜ ਨੂੰ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਚੋਰਾਂ ਨੂੰ ਕਾਬੂ ਕਰਨ ਦੀ ਹਦਾਇਤ ਕੀਤੀ ਹੈ। ਉਨ੍ਹਾਂ ਕਿਹਾ ਕਿ ਚੌਕੀ ਇੰਚਾਰਜ ਨੂੰ ਰਾਤ ਵੇਲੇ ਮੇਨ ਬਾਜ਼ਾਰ ਵਿੱਚ ਰੁਟੀਨ ਵਿੱਚ ਗਸ਼ਤ ਕਰਨ ਲਈ ਕਿਹਾ ਗਿਆ ਹੈ ਤਾਂ ਜੋ ਚੋਰੀ ਦੀ ਵਾਰਦਾਤਾਂ ਨੂੰ ਰੋਕਿਆ ਜਾ ਸਕੇ।
