ਗਮਾਡਾ ਨੇ 839 ਰੁਪਏ ਪ੍ਰਤੀ ਵਰਗ ਮੀਟਰ ਇਨਹਾਂਸਮੈਂਟ ਘਟਾਈ
ਵਿਧਾਇਕ ਕੁਲਵੰਤ ਸਿੰਘ ਨੇ ਘਟਾਈਆਂ ਦਰਾਂ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਮਕਾਨ ਮਾਲਕਾਂ ਨੂੰ 3164 ਰੁਪਏ ਪ੍ਰਤੀ ਵਰਗ ਮੀਟਰ ਦਾ ਇਨਹਾਂਸਮੈਂਟ ਪਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਹੁਣ ਪ੍ਰਤੀ ਵਰਗ ਮੀਟਰ 839 ਰੁਪਏ ਦੀ ਰਾਸ਼ੀ ਦੀ ਰਾਹਤ ਦਿੱਤੀ ਗਈ ਹੈ ਤੇ ਹੁਣ ਮਕਾਨ ਮਾਲਕਾਂ ਨੂੰ 2325 ਰੁਪਏ ਪ੍ਰਤੀ ਵਰਗ ਮੀਟਰ ਜਮ੍ਹਾਂ ਕਰਾਉਣੇ ਹੋਣਗੇ। ਉਨ੍ਹਾਂ ਦੱਸਿਆ ਕਿ ਇਸ ਨਾਲ ਚਾਰੋਂ ਸੈਕਟਰਾਂ ਦੇ ਸੈਂਕੜੇ ਮਕਾਨ ਮਾਲਕਾਂ ਨੂੰ ਕਰੋੜਾਂ ਰੁਪਏ ਦਾ ਫ਼ਾਇਦਾ ਪਹੁੰਚੇਗਾ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਮਕਾਨ ਮਾਲਕਾਂ ਵੱਲੋਂ ਇਨਹਾਂਸਮੈਂਟ ਦੀ ਪੂਰੀ ਰਾਸ਼ੀ ਜਮਾਂ ਕਰਾਈ ਹੋਈ ਹੈ, ਉਨ੍ਹਾਂ ਦੀ ਬਾਕਾਇਆ ਰਾਸ਼ੀ ਵਾਪਸ ਕੀਤੀ ਜਾਵੇਗੀ।
ਵਿਧਾਇਕ ਨੇ ਦੱਸਿਆ ਕਿ ਘਟਾਈਆਂ ਹੋਈਆਂ ਦਰਾਂ ਸਬੰਧੀ ਗਮਾਡਾ ਵੱਲੋਂ ਬਹੁਤ ਜਲਦੀ ਨੋਟੀਫ਼ਿਕੇਸ਼ਨ ਜਾਰੀ ਹੋ ਜਾਵੇਗਾ ਅਤੇ ਜਲਦੀ ਹੀ ਨੋਟਿਸ ਜਾਰੀ ਕੀਤੇ ਜਾਣਗੇ। ਇਸੇ ਦੌਰਾਨ ਸਬੰਧਿਤ ਸੈਕਟਰਾਂ ਦੀ ਐਂਟੀ-ਐਂਨਹਾਂਸਮੈਂਟ ਕਮੇਟੀ ਦੇ ਕਨਵੀਨਰ ਸੁਖਦੇਵ ਸਿੰਘ ਪਟਵਾਰੀ, ਰਜੀਵ ਵਸ਼ਿਸ਼ਟ, ਜਰਨੈਲ ਸਿੰਘ, ਚਰਨਜੀਤ ਕੌਰ ਦਿਓਲ, ਮੇਜਰ ਸਿੰਘ, ਸੁਖਚੈਨ ਸਿੰਘ ਅਤੇ ਇਨ੍ਹਾਂ ਸੈਕਟਰਾਂ ਦੇ ਹੋਰ ਵਤਵੰਤਿਆਂ ਵੱਲੋਂ ਇਸ ਫ਼ੈਸਲੇ ਦਾ ਸਵਾਗਤ ਕਰਦਿਆਂ ਵਿਧਾਇਕ ਦਾ ਧੰਨਵਾਦ ਅਤੇ ਸਨਮਾਨ ਕੀਤਾ ਗਿਆ।