ਗਮਾਡਾ ਨੇ ਏਅਰੋਸਿਟੀ ’ਚ ਐੱਸਸੀਓਜ਼ ਅਤੇ ਬੇਅ ਸਾਪਜ਼ ਦਾ ਡਰਾਅ ਕੱਢਿਆ
ਐਰੋਸਿਟੀ ਪ੍ਰਾਜੈਕਟ ਲਈ ਪੰਦਰਾਂ ਵਰ੍ਹੇ ਪਹਿਲਾਂ ਐਕੁਆਇਰ ਕੀਤੀ ਗਈ ਜ਼ਮੀਨ ਦੇ ਮਾਲਕਾਂ/ਰੀ-ਅਲਾਟੀਆਂ ਦੀ ਪੰਦਰਾਂ ਸਾਲਾਂ ਦੀ ਉਡੀਕ ਖ਼ਤਮ ਕਰਦਿਆਂ ਗਮਾਡਾ ਵੱਲੋਂ ਅੱਜ ਸਬੰਧਿਤ ਮਾਲਕਾਂ/ਰੀ-ਅਲਾਟੀਆਂ ਨੂੰ ਪਹਿਲਾਂ ਅਲਾਟ ਕੀਤੇ ਗਏ ਐਸਸੀਓਜ਼ ਅਤੇ ਬੇਅ ਸ਼ਾਪਜ਼ ਦੇ ਨੰਬਰਾਂ ਦਾ ਡਰਾਅ ਕੱਢਿਆ ਗਿਆ। ਇਹ ਡਰਾਅ ਮੁਹਾਲੀ ਦੇ ਸੈਕਟਰ 88 ਦੇ ਪੂਰਬ ਪ੍ਰੀਮੀਅਮ ਅਪਾਰਟਮੈਂਟਸ ਦੇ ਕਮਿਊਨਿਟੀ ਸੈਂਟਰ ਵਿਚ ਰੱਖਿਆ ਗਿਆ। ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਦੱਸਿਆ ਕਿ ਇਹ ਡਰਾਅ 100 ਵਰਗ ਗਜ਼ ਦੇ 166 ਐਸਸੀਓਜ਼, 121 ਵਰਗ ਗਜ਼ ਦੇ 159 ਐਸਸੀਓਜ਼ ਅਤੇ 60 ਵਰਗ ਗਜ਼ ਦੀਆਂ 167 ਬੇਅ ਸਾਪਜ਼ ਲਈ ਕੱਢਿਆ ਗਿਆ। ਉਨ੍ਹਾਂ ਦੱਸਿਆ ਕਿ ਅੱਜ ਦਾ ਡਰਾਅ ਜ਼ਮੀਨ ਮਾਲਕਾਂ ਨੂੰ ਵਧੇਰੇ ਰਾਹਤ ਪ੍ਰਦਾਨ ਕਰੇਗਾ, ਕਿਉਂਕਿ ਉਹ ਲੰਮੇ ਸਮੇਂ ਤੋਂ ਇਨਾਂ ਐਸਸੀਓਜ਼ ਅਤੇ ਬੇਅ ਸਾਪਜ਼ ਵਾਸਤੇ ਨੰਬਰ ਅਲਾਟ ਹੋਣ ਦੀ ਉਡੀਕ ਕਰ ਰਹੇ ਸਨ।
ਸ੍ਰੀ ਮੁੰਡੀਆਂ ਨੇ ਕਿਹਾ ਕਿ ਇਸ ਡਰਾਅ ਨੇ ਅਲਾਟੀਆਂ ਵਾਸਤੇ ਉਸਾਰੀ ਤੋਂ ਬਾਅਦ ਆਪਣੀਆਂ ਵਪਾਰਿਕ ਗਤੀਵਿਧੀਆਂ ਆਰੰਭ ਕਰਨ ਦਾ ਰਾਹ ਪੱਧਰਾ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਸਰਕਾਰ ਰਾਜ ਦੇ ਹਰੇਕ ਭਾਈਚਾਰੇ ਦੀ ਭਲਾਈ ਲਈ ਕੰਮ ਕਰ ਰਹੀ ਹੈ ਅਤੇ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ ਵੱਲੋਂ ਆਉਂਦੇ ਸਮੇਂ ਵਿਚ ਲੋਕਾਂ ਦੀ ਭਲਾਈ ਲਈ ਹੋਰ ਕਦਮ ਚੁੱਕੇ ਜਾਣਗੇ। ਡਰਾਅ ਉੱਤੇ ਖੁਸ਼ੀ ਪ੍ਰਗਟ ਕਰਦਿਆਂ ਸ਼ਰਨਪ੍ਰੀਤ ਸਿੰਘ, ਦੇਵਾਂਸ ਤ੍ਰੇਹਨ, ਵਿਵੇਕ ਬਾਂਸਲ ਆਦਿ ਨੇ ਕਿਹਾ ਕਿ ਉਹ ਡਰਾਅ ਦੇ ਨਤੀਜਿਆਂ ਤੋਂ ਪੂਰੀ ਤਰਾਂ ਸਤੁੰਸ਼ਟ ਹਨ ਅਤੇ ਹੁਣ ਜਲਦੀ ਹੀ ਆਪਣੇ ਵਪਾਰਕ ਉੱਦਮ ਸ਼ੁਰੂ ਕਰਨਗੇ। ਡਰਾਅ ਦੀ ਨਿਗਰਾਨੀ ਕਰਨ ਲਈ ਗਮਾਡਾ ਦੇ ਮੁੱਖ ਪ੍ਰਸ਼ਾਸਕ ਵਿਸ਼ੇਸ਼ ਸਾਰੰਗਲ, ਵਧੀਕ ਮੁੱਖ ਪ੍ਰਸ਼ਾਸਕ ਗਮਾਡਾ ਅਮਰਿੰਦਰ ਸਿੰਘ ਮੱਲ੍ਹੀ, ਅਸਟੇਟ ਅਫ਼ਸਰ ਪਲਾਟ ਰਾਵਿੰਦਰ ਸਿੰਘ ਵੀ ਹਾਜ਼ਰ ਸਨ।