ਸੈਕਟਰ-36/37 ਵਾਲੀ ਸੜਕ ’ਤੇ ਗੈਸ ਪਾਈਪਲਾਈਨ ਨੂੰ ਅੱਗ ਲੱਗੀ
ਇੱਥੋਂ ਦੇ ਸੈਕਟਰ-36/37 ਵਾਲੀ ਡਿਵਾਈਟਿੰਗ ਸੜਕ ਨੇੜੇ ਜ਼ਮੀਨ ਥੱਲਿਓਂ ਲੰਘਦੀ ਗੈਸ ਪਾਈਪਲਾਈਨ ਵਿੱਚ ਅੱਜ ਦੇਰ ਸ਼ਾਮ ਨੂੰ ਅਚਾਨਕ ਭਿਆਨਕ ਅੱਗ ਲੱਗ ਗਈ ਹੈ। ਗੈਸ ਪਾਈਪਲਾਈਨ ਨੂੂੰ ਅੱਗ ਲੱਗਣ ਦੀ ਸੂਚਨਾ ਮਿਲਦਿਆਂ ਹੀ ਇਲਾਕੇ ਦੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਉੱਧਰ ਅੱਗ ਲੱਗਣ ਦੀ ਜਾਣਕਾਰੀ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੌਕੇ ’ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾਉਣ ਲਈ ਚਾਰਾਜੋਈ ਸ਼ੁਰੂ ਕਰ ਦਿੱਤੀ ਹੈ, ਹਾਲਾਂਕਿ ਇਕ ਘੰਟੇ ਬਾਅਦ ਤੱਕ ਪੁਲੀਸ ਅੱਗ ’ਤੇ ਸਹੀ ਢੰਗ ਨਾਲ ਕਾਬੂ ਨਹੀਂ ਪਾ ਸਕੀ ਹੈ। ਫਾਇਰ ਬ੍ਰਿਗੇਡ ਦੇ ਨਾਲ ਹੀ ਕਿਸੇ ਕਿਸਮ ਦੀ ਜਾਨੀ ਨੁਕਸਾਨ ਦੇ ਬਚਾਅ ਲਈ ਐਂਬੂਲੈਂਸ ਤੇ ਚੰਡੀਗੜ੍ਹ ਪੁਲੀਸ ਦੇ ਵੱਡੀ ਗਿਣਤੀ ਵਿੱਚ ਮੁਲਾਜ਼ਮ ਉੱਥੇ ਪਹੁੰਚ ਗਏ।
ਪ੍ਰਾਪਤ ਜਾਣਕਾਰੀ ਅਨੁਸਾਰ ਸੈਕਟਰ-36/37 ਡਿਵਾਈਡਿੰਗ ਸੜਕ ਥੱਲਿਓਂ ਲੰਘਦੀ ਗੈਸ ਪਾਈਪਲਾਈਨ ਨੂੰ ਅਚਾਨਕ ਸ਼ਾਮ ਸਮੇਂ ਅੱਗ ਲੱਗੀ ਹੈ। ਇਹ ਅੱਗ ਇੰਨੀ ਭਿਆਨਕ ਸੀ ਕਿ ਦੂਰ-ਦੂਰ ਤੋਂ ਅੱਗ ਦੀਆਂ ਲਪਟਾ ਸਾਫ ਦਿਖਾਈ ਦੇ ਰਹੀਆਂ ਸਨ। ਉੱਧਰ ਗੈਸ ਪਾਈਪਲਾਈਨ ਵਿੱਚ ਗੈਸ ਦਾ ਪ੍ਰੈਸ਼ਰ ਵਾਧੂ ਹੋਣ ਕਰਕੇ ਫਾਇਰ ਬ੍ਰਿਗੇਡ ਨੂੰ ਵੀ ਅੱਗ ਬੁਝਾਉਣ ਵਿੱਚ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲਾਂਕਿ ਫਾਇਰ ਬ੍ਰਿਗੇਡ ਤੇ ਯੂਟੀ ਪ੍ਰਸ਼ਾਸਨ ਵੱਲੋਂ ਅੱਗ ਨੂੰ ਲੋਕਾਂ ਦੇ ਘਰਾਂ ਤੱਕ ਫੈਲਣ ਤੋਂ ਰੋਕਣ ਲਈ ਯਤਨ ਕੀਤੇ ਜਾ ਰਹੇ ਹਨ। ਗੈਸ ਪਾਈਪਲਾਈਨ ਨੂੰ ਅੱਗ ਲੱਗਣ ਕਰਕੇ ਕਿਸੇ ਕਿਸਮ ਦੇ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਹਿ ਗਿਆ ਹੈ।
ਦੂਜੇ ਪਾਸੇ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ ਪਰ ਕੁਝ ਵਿਅਕਤੀਆਂ ਵੱਲੋਂ ਅੱਗ ਲੱਗਣ ਦਾ ਕਾਰਨ ਗੈਸ ਪਾਈਪ ਲਾਈਨ ਦਾ ਫਟਣਾ ਦੱਸਿਆ ਜਾ ਰਿਹਾ ਹੈ। ਹਾਲਾਂਕਿ ਯੂਟੀ ਪ੍ਰਸ਼ਾਸਨ ਤੇ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੇ ਕਿਹਾ ਕਿ ਅੱਗ ਬੁੱਝਣ ਤੋਂ ਬਾਅਦ ਹੀ ਅੱਗ ਲੱਗਣ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕੇਗਾ। ਯੂਟੀ ਪ੍ਰਸ਼ਾਸਨ ਤੇ ਫਾਇਰ ਬ੍ਰਿਗੇਡ ਵੱਲੋਂ ਅੱਗ ’ਤੇ ਕਾਬੂ ਪਾਉਣ ਲਈ ਗੈਸ ਪਾਈਪਲਾਈਨ ਤੋਂ ਕੀਤੀ ਜਾਣ ਵਾਲੀ ਗੈਸ ਦੀ ਸਪਲਾਈ ਨੂੰ ਬੰਦ ਕਰਨ ਦੀ ਯੋਜਨਾ ਤਿਆਰ ਕੀਤੀ ਜਾ ਰਹੀ ਹੈ।
ਅਫਵਾਹਾਂ ਤੋਂ ਸੁਚੇਤ ਰਹਿਣ ਦੀ ਅਪੀਲ
ਯੂਟੀ ਪ੍ਰਸ਼ਾਸਨ ਦੇ ਅਧਿਕਾਰੀਆਂ ਤੇ ਪੁਲੀਸ ਨੇ ਲੋਕਾਂ ਨੂੰ ਅਫਵਾਹਾਂ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਫਾਇਰ ਬ੍ਰਿਗੇਡ ਦੀ ਮਦਦ ਨਾਲ ਅੱਗ ’ਤੇ ਕਾਬੂ ਪਾਉਣ ਦੇ ਯਤਨ ਕੀਤੇ ਜਾ ਰਹੇ ਹਨ। ਅਜਿਹੇ ਵਿੱਚ ਕਿਸੇ ਨੂੰ ਘਬਰਾਉਣ ਦੀ ਲੋੜ ਨਹੀਂ ਹੈ।