ਮਨਾਹੀ ਦੇ ਬਾਵਜੂਦ ਸੁੱਟਿਆ ਜਾ ਰਿਹਾ ਕੂੜਾ
ਨਗਰ ਨਿਗਮ ਚੰਡੀਗੜ੍ਹ ਵੱਲੋਂ ਸ਼ਹਿਰ ਵਿੱਚ ਸਫ਼ਾਈ ਰੱਖਣ ਅਤੇ ਲੋਕਾਂ ਨੂੰ ਜਨਤਕ ਥਾਵਾਂ ’ਤੇ ਕੂੜਾ ਸੁੱਟਣ ਤੋਂ ਰੋਕਣ ਲਈ ਚਲਾਈ ਜਾ ਰਹੀ ਵਿਆਪਕ ਮੁਹਿੰਮ ਅਸਰਦਾਰ ਦਿਖਾਈ ਨਹੀਂ ਦੇ ਰਹੀ। ਸੈਕਟਰ 22 ਵਿੱਚ ਸਰਕਾਰੀ ਕੁਆਰਟਰਾਂ ਵਿੱਚੋਂ ਦੀ ਲੰਘਦੀ ਮੁੱਖ ਅੰਦਰੂਨੀ ਸੜਕ ’ਤੇ ਪਾਬੰਦੀ ਦੇ ਬਾਵਜੂਦ ਲੋਕਾਂ ਵੱਲੋਂ ਸੁੱਟਿਆ ਜਾ ਰਿਹਾ ਕੂੜਾ ਇਸ ਮੁਹਿੰਮ ਨੂੰ ਬੇਅਸਰ ਕਰਦਾ ਹੈ। ਹਾਲਾਂਕਿ ਇੱਥੇ ਲਗਾਏ ਸੂਚਨਾ ਬੋਰਡ ’ਤੇ ਕੂੜਾ ਸੁੱਟਣ ਦੀ ਮਨਾਹੀ ਦਾ ਜ਼ਿਕਰ ਹੈ ਤੇ ਜੁਰਮਾਨਾ ਕਰਨ ਦੀ ਚਿਤਾਵਨੀ ਵੀ ਦਿੱਤੀ ਗਈ ਹੈ ਜਿਸ ਤਹਿਤ ਕੂੜਾ ਸੁੱਟਣ ਵਾਲੇ ਵਾਲੇ ਨੂੰ 1340 ਰੁਪਏ, ਕੂੜਾ ਸਾੜਨ ਅਤੇ ਮਲਬਾ ਸੁੱਟਣ ਵਾਲੇ ਨੂੰ 6701 ਰੁਪਏ ਜੁਰਮਾਨਾ ਕੀਤਾ ਜਾ ਸਕਦਾ ਹੈ। ਬੋਰਡ ’ਤੇ ਤਾਂ ਹਿੰਦੀ ਭਾਸ਼ਾ ਵਿੱਚ ਇਹ ਵੀ ਲਿਖਿਆ ਹੋਇਆ ਹੈ ਕਿ ‘ਤੁਸੀਂ ਸੀ ਸੀ ਟੀ ਵੀ ਕੈਮਰੇ ਦੀ ਨਿਗਰਾਨੀ ਹੇਠ ਹੋ’ ਪਰ ਕੈਮਰਾ ਕਿਧਰੇ ਦਿਖਾਈ ਨਹੀਂ ਦਿੰਦਾ। ਸਫ਼ਾਈ ਪਸੰਦ ਲੋਕਾਂ ਦਾ ਕਹਿਣਾ ਹੈ ਕਿ ਜੇ ਕੈਮਰਾ ਲੱਗਾ ਹੋਵੇ ਤਾਂ ਲੋਕੀਂ ਕੂੜਾ ਸੁੱਟਣ ਤੋਂ ਪਹਿਲਾਂ ਜ਼ਰੂਰ ਸੋਚਣਗੇ। ਆਮ ਲੋਕਾਂ ਦਾ ਕਹਿਣਾ ਹੈ ਕਿ ਨਗਰ ਨਿਗਮ ਦੀਆਂ ਟੀਮਾਂ ਵਧੇਰੇ ਕਰਕੇ ਮਾਰਕੀਟਾਂ ਦੀਆਂ ਪਾਰਕਿੰਗਾਂ ਵਿੱਚ ਹੀ ਘੁੰਮਦੀਆਂ ਹਨ ਜਿੱਥੇ ਕਿ ਦਫ਼ਤਰਾਂ ਆਦਿ ਦੇ ਚਲਾਨ ਕੱਟ ਕੇ ਡੰਗ ਟਪਾਇਆ ਜਾ ਰਿਹਾ ਹੈ ਪ੍ਰੰਤੂ ਰਿਹਾਇਸ਼ੀ ਖੇਤਰਾਂ ਵਿੱਚ ਕੂੜਾ ਸੁੱਟਣ ਵਾਲਿਆਂ ਦਾ ਪਤਾ ਲਗਾਉਣ ਵੱਲ ਇਹ ਟੀਮਾਂ ਧਿਆਨ ਨਹੀਂ ਦਿੰਦੀਆਂ। ਹਾਲਾਂਕਿ ਨਗਰ ਨਿਗਮ ਵੱਲੋਂ ਗੰਦਗੀ ਦੀ ਸੂਚਨਾ ਦੇਣ ਲਈ ਵੱਟਸਐਪ ਨੰਬਰ 9915762917 ਵੀ ਜਾਰੀ ਕੀਤਾ ਹੋਇਆ ਹੈ ਜਿਸ ਉਤੇ ਸ਼ਿਕਾਇਤ ਕੀਤੀ ਜਾ ਸਕਦੀ ਹੈ ਅਤੇ ਗੰਦਗੀ ਫੈਲਾਉਣ ਦੀਆਂ ਲਾਈਵ ਫੋਟੋਆਂ ਜਾਂ ਵੀਡੀਓਜ਼ ਭੇਜੀਆਂ ਜਾ ਸਕਦੀਆਂ ਹਨ। ਇਸ ਦੇ ਬਾਵਜੂਦ ਵੀ ਪਰਨਾਲਾ ਉਥੇ ਦਾ ਉਥੇ ਹੈ।
ਕੇਂਦਰੀ ਕੈਬਨਿਟ ਮੰਤਰੀ ਦੀ ਸਵੱਛਤਾ ਸਹੁੰ ਵੀ ਬੇਅਸਰ
Advertisementਦਿਲਚਸਪ ਗੱਲ ਇਹ ਹੈ ਕਿ 25 ਸਤੰਬਰ ਨੂੰ ਕੇਂਦਰੀ ਕੈਬਨਿਟ ਮੰਤਰੀ ਮਨੋਹਰ ਲਾਲ ਖੱਟਰ ਵੱਲੋਂ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਦੀ ਮੌਜੂਦਗੀ ਵਿੱਚ ਪੰਡਤ ਦੀਨ ਦਿਆਲ ਉਪਾਧਿਆਏ ਜੈਅੰਤੀ ਮੌਕੇ ਸੈਕਟਰ 22 ਵਿੱਚ ਖ਼ੁਦ ਝਾੜੂ ਲਗਾ ਕੇ ਸ਼ੁਰੂ ਕੀਤੀ ਗਈ ‘ਸਵੱਛਤਾ ਹੀ ਸੇਵਾ-ਇੱਕ ਦਿਨ-ਇੱਕ ਘੰਟਾ-ਇੱਕ ਸਾਥ ਸ਼੍ਰਮਦਾਨ’ ਮੁਹਿੰਮ ਅਤੇ ਸਫ਼ਾਈ ਪ੍ਰਤੀ ਚੁਕਾਈ ਗਈ ਸਹੁੰ ਵੀ ਬੇਅਸਰ ਹੋ ਗਈ ਜਾਪਦੀ ਹੈ।
ਕੂੜਾ ਸੁੱਟਣ ਦੇ ਦੋਸ਼ ਹੇਠ ਦੋ ਬੈਂਕਾਂ ਦਾ ਚਲਾਨ
ਨਗਰ ਨਿਗਮ ਨੇ ਠੋਸ ਰਹਿੰਦ-ਖੂੰਹਦ ਪ੍ਰਬੰਧਨ ਨਿਯਮਾਂ ਦੀ ਉਲੰਘਣਾ ਵਿਰੁੱਧ ਕਾਰਵਾਈ ਕਰਦਿਆਂ ਅੱਜ ਸੈਕਟਰ 24 ਸਥਿਤ ਪੰਜਾਬ ਐਂਡ ਸਿੰਧ ਬੈਂਕ, ਸੈਕਟਰ 47 ਸਥਿਤ ਯੂਨੀਅਨ ਬੈਂਕ ਆਫ਼ ਇੰਡੀਆ, ਸੈਕਟਰ 47 ਸਥਿਤ ਪੰਜਾਬ ਨੈਸ਼ਨਲ ਬੈਂਕ ਅਤੇ ਅਸਟੇਟ ਦਫ਼ਤਰ ਨੂੰ 13,401 ਰੁਪਏ ਦੇ ਚਲਾਨ ਜਾਰੀ ਕੀਤੇ ਹਨ। ਜਾਂਚ ਟੀਮ ਨੇ ਦੇਖਿਆ ਕਿ ਖੁੱਲ੍ਹੀਆਂ ਥਾਵਾਂ ’ਤੇ ਪਏ ਕੂੜੇ ਦੇ ਢੇਰਾਂ ਵਿੱਚ ਇਨ੍ਹਾਂ ਸੰਸਥਾਵਾਂ ਨਾਲ ਸਬੰਧਤ ਸਲਿੱਪਾਂ ਅਤੇ ਦਸਤਾਵੇਜ਼ ਸਨ।
