ਮਦਨਪੁਰ ਚੌਕ ਨੇੜੇ ਫਰਨੀਚਰ ਨੂੰ ਅੱਗ ਲੱਗੀ
ਦੁਕਾਨ ਦੇ ਮਾਲਕ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਅੱਗ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਉਨ੍ਹਾਂ ਦੱਸਿਆ ਕਿ ਅੱਗ ਲੱਗਣ ਕਾਰਨ ਕਰੀਬ ਦੋ ਤੋਂ ਢਾਈ ਲੱਖ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਦੱਸਿਆ ਕਿ ਉਹ ਇੱਥੇ ਪਿਛਲੇ ਵੀਹ-ਪੱਚੀ ਸਾਲਾਂ ਤੋਂ ਦੁਕਾਨ ਕਰ ਰਹੇ ਹਨ ਅਤੇ ਪਹਿਲਾਂ ਕਦੇ ਵੀ ਅਜਿਹੀ ਘਟਨਾ ਨਹੀਂ ਵਾਪਰੀ।
ਮੌਕੇ ’ਤੇ ਪਹੁੰਚੀ ਐੱਮ ਸੀ ਦਵਿੰਦਰ ਕੌਰ ਵਾਲੀਆ ਨੇ ਕਿਹਾ ਕਿ ਸਬੰਧਿਤ ਦੁਕਾਨਦਾਰ ਨੇ ਇੱਥੇ ਬਾਹਰ ਹੀ ਫ਼ਰਨੀਚਰ ਰੱਖ ਕੇ ਸਮੁੱਚੀ ਥਾਂ ’ਤੇ ਨਾਜਾਇਜ਼ ਕਬਜ਼ਾ ਕੀਤਾ ਹੋਇਆ ਹੈ। ਉਹ ਪਹਿਲਾਂ ਵੀ ਦੁਕਾਨਦਾਰ ਨੂੰ ਥਾਂ ਖਾਲੀ ਕਰਨ ਬਾਰੇ ਕਹਿ ਚੁੱਕੇ ਹਨ। ਉਨ੍ਹਾਂ ਕਿਹਾ ਕਿ ਜੇਕਰ ਫ਼ਾਇਰ ਬ੍ਰਿਗੇਡ ਦੀ ਗੱਡੀ ਸਮੇਂ ਸਿਰ ਅੱਗ ਨਾ ਬੁਝਾਉਂਦੀ ਤਾਂ ਨਾਲ ਲੱਗਦੇ ਦਰਜਨ ਤੋਂ ਵੱਧ ਕੁਆਰਟਰਾਂ ਨੂੰ ਨੁਕਸਾਨ ਪੁੱਜ ਸਕਦਾ ਸੀ। ਉਨ੍ਹਾਂ ਨਗਰ ਨਿਗਮ ਅਤੇ ਗਮਾਡਾ ਤੋਂ ਤੁਰੰਤ ਨਾਜਾਇਜ਼ ਕਬਜ਼ਾ ਹਟਾਉਣ ਦੀ ਮੰਗ ਕੀਤੀ। ਐੱਚ ਆਈ ਜੀ 915 ਨੰਬਰ ਕੁਆਰਟਰ ਦੇ ਮਾਲਕ ਦਰਸ਼ਨਵੀਰ ਸਿੰਘ ਨੇ ਕਿਹਾ ਕਿ ਅੱਗ ਕਾਰਨ ਉਨ੍ਹਾਂ ਦੇ ਘਰ ਦੀਆਂ ਬਿਜਲੀ ਦੀਆਂ ਤਾਰਾਂ, ਪਾਈਪ, ਪਾਣੀ ਦੀ ਟੈਂਕੀ ਪਿੰਘਲ ਕੇ ਖਰਾਬ ਹੋ ਗਏ ਹਨ। ਉਨ੍ਹਾਂ ਇਸ ਦੀ ਭਰਪਾਈ ਦੀ ਮੰਗ ਕੀਤੀ।
