ਗੱਡੀ ਦੀ ਫੇਟ ਮਾਰ ਕੇ ਦੋਸਤ ਦੀ ਹੱਤਿਆ
ਇਥੋਂ ਦੀ ਪੁਰਾਣੀ ਕਾਲਕਾ ਸੜਕ ਦੌਰਾਨ ਇੱਕ ਸ਼ਰਾਬ ਪਾਰਟੀ ਦੌਰਾਨ ਹੋਏ ਝਗੜੇ ਮਗਰੋਂ ਇਕ ਨੌਜਵਾਨ ਨੇ ਆਪਣੇ ਦੋਸਤ ’ਤੇ ਕਾਰ ਚੜ੍ਹਾ ਕੇ ਉਸ ਦਾ ਕਤਲ ਕਰ ਦਿੱਤਾ। ਮ੍ਰਿਤਕ ਦੀ ਪਛਾਣ ਪ੍ਰੀਤ ਕਲੋਨੀ ਵਾਸੀ ਹਰਪ੍ਰੀਤ ਸਿੰਘ ਵਜੋਂ ਹੋਈ ਹੈ, ਜਦਕਿ ਉਸ ਦਾ ਕਤਲ ਕਰਨ ਵਾਲੇ ਮੁਲਜ਼ਮ ਦੋਸਤ ਦੀ ਪਛਾਣ ਸਾਹਿਲ ਵਜੋਂ ਹੋਈ ਹੈ।
ਮਿਲੀ ਜਾਣਕਾਰੀ ਅਨੁਸਾਰ ਹਰਪ੍ਰੀਤ ਆਪਣੇ ਭਰਾ ਅਨਿਲ ਨਾਲ ਪੁਰਾਣੀ ਕਾਲਕਾ ਸੜਕ ’ਤੇ ਸਥਿਤ ਸ਼ਰਾਬ ਦੇ ਠੇਕੇ ਨਾਲ ਅਹਾਤੇ ’ਤੇ ਸ਼ਰਾਬ ਪੀਣ ਗਿਆ ਸੀ। ਉੱਥੇ ਕੁਝ ਦੇਰ ਬਾਅਦ ਹਰਪ੍ਰੀਤ ਦਾ ਦੋਸਤ ਸਾਹਿਲ ਵੀ ਆਪਣੀ ਕਾਰ ’ਤੇ ਆ ਗਿਆ। ਤਿੰਨੇ ਜਣਿਆਂ ਨੇ ਪਹਿਲਾਂ ਸ਼ਰਾਬ ਪੀਤੀ ਅਤੇ ਇਸ ਦੌਰਾਨ ਕਿਸੇ ਗੱਲੋਂ ਉਨ੍ਹਾਂ ਦਾ ਝਗੜਾ ਹੋ ਗਿਆ। ਝਗੜਾ ਇੰਨਾ ਵਧ ਗਿਆ ਕਿ ਗੱਲ ਹੱਥੋਪਾਈ ਤੱਕ ਪਹੁੰਚ ਗਈ। ਅਨਿਲ ਨੇ ਸਮਝਾ-ਬੁਝਾ ਕੇ ਹਰਪ੍ਰੀਤ ਅਤੇ ਸਾਹਿਬ ਮਾਮਲਾ ਸ਼ਾਂਤ ਕਰਵਾਇਆ ਅਤੇ ਦੋਵੇਂ ਭਰਾ ਪੈਦਲ ਘਰ ਵੱਲ ਤੁਰ ਪਏ, ਜਦਕਿ ਸਾਹਿਬ ਪਿੱਛੇ-ਪਿੱਛੇ ਆਪਣੀ ਕਾਰ ’ਤੇ ਹਰਪ੍ਰੀਤ ਨੂੰ ਗਾਲਾਂ ਕੱਢਦਾ ਆ ਰਿਹਾ ਸੀ। ਜਦੋਂ ਉਹ ਬੱਸ ਅੱਡੇ ਕੋਲ ਪੁੱਜੇ ਤਾਂ ਸਾਹਿਬ ਨੇ ਆਪਣੀ ਕਾਰ ਨਾਲ ਹਰਪ੍ਰੀਤ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜਬਰਦਸਤ ਸੀ ਕਿ ਹਰਪ੍ਰੀਤ ਕਾਫੀ ਦੂਰ ਜਾ ਕੇ ਡਿੱਗਿਆ ਅਤੇ ਗੰਭੀਰ ਜ਼ਖ਼ਮੀ ਹੋ ਗਿਆ। ਹਾਦਸੇ ਤੋਂ ਬਾਅਦ ਸਾਹਿਲ ਮੌਕੇ ਤੋਂ ਫ਼ਰਾਰ ਹੋ ਗਿਆ। ਜਦਕਿ ਜ਼ਖ਼ਮੀ ਹਰਪ੍ਰੀਤ ਨੂੰ ਰਾਹਗੀਰਾਂ ਨੇ ਹਸਪਤਾਲ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਪੁਲੀਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾ ਕੇ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਪੜਤਾਲੀਆ ਅਫਸਰ ਸਹਾਇਕ ਇੰਸਪੈਕਟਰ ਜਸਵੰਤ ਸਿੰਘ ਨੇ ਦੱਸਿਆ ਕਿ ਕਾਰ ਚਲਾਉਣ ਵਾਲਾ ਮੁਲਜ਼ਮ ਨਸ਼ੇ ਵਿੱਚ ਸੀ ਅਤੇ ਉਸ ਨੇ ਨਸ਼ੇ ਦੀ ਹਾਲਤ ਵਿੱਚ ਆਪਣੇ ਦੋਸਤ ਹਰਪ੍ਰੀਤ ’ਤੇ ਕਾਰ ਚੜ੍ਹਾ ਦਿੱਤੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਪੁਲੀਸ ਨੇ ਕੇਸ ਦਰਜ ਕਰ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਗੱਡੀ ਦੀ ਫੇਟ ਵੱਜਣ ਕਾਰਨ ਨੌਜਵਾਨ ਦੀ ਮੌਤ
ਬਨੂੜ (ਕਰਮਜੀਤ ਸਿੰਘ ਚਿੱਲਾ): ਗੱਡੀ ਦੀ ਫੇਟ ਵੱਜਣ ਕਾਰਨ ਪਿੰਡ ਫਰੀਦਪੁਰ ਦੇ ਨੌਜਵਾਨ ਮੁਖਤਿਆਰ ਸਿੰਘ ਦੀ ਮੌਤ ਹੋ ਗਈ। ਮੁਖਤਿਆਰ ਸਿੰਘ ਦੇ ਭਰਾ ਅਭਿਸ਼ੇਕ ਸਿੰਘ ਨੇ ਬਨੂੜ ਪੁਲੀਸ ਕੋਲ ਬਿਆਨ ਦਰਜ ਕਰਵਾਏ ਕਿ ਉਸ ਦਾ ਭਰਾ ਫਰੀਦਪੁਰ ਤੋਂ ਉੜਦਣ ਤੋਂ ਜਾਂਦੀ ਸੜਕ ’ਤੇ ਬੀਤੀ ਰਾਤ ਸਾਢੇ ਨੌਂ ਵਜੇ ਦੇ ਕਰੀਬ ਆਪਣੇ ਦੋਸਤ ਨਾਲ ਸੈਰ ਕਰ ਰਿਹਾ ਸੀ। ਤੇਜ਼ ਰਫ਼ਤਾਰ ਗੱਡੀ ਨੇ ਉਸ ਨੂੰ ਫੇਟ ਮਾਰੀ। ਗੰਭੀਰ ਜ਼ਖ਼ਮੀ ਹਾਲਤ ਵਿਚ ਉਸ ਨੂੰ ਗਿਆਨ ਸਾਗਰ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉੱਥੇ ਉਸ ਦੀ ਮੌਤ ਹੋ ਗਈ। ਪੁਲੀਸ ਨੇ ਮ੍ਰਿਤਕ ਦੇ ਭਰਾ ਦੇ ਬਿਆਨਾਂ ਉੱਤੇ ਗੱਡੀ ਦੇ ਡਰਾਈਵਰ ਜਸਵੀਰ ਸਿੰਘ ਵਾਸੀ ਉੜਦਣ ਖ਼ਿਲਾਫ਼ ਪਰਚਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ। ਪੁਲੀਸ ਵੱਲੋਂ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ।
