ਸ਼ੇਅਰਾਂ ’ਚ ਪੈਸੇ ਲਾਉਣ ਦਾ ਝਾਂਸਾ ਦੇ ਕੇ ਕਰੋੜਾਂ ਦੀ ਠੱਗੀ
ਚੰਡੀਗੜ੍ਹ ਅੰਬਾਲਾ ਕੌਮੀ ਸ਼ਾਹਰਾਹ ’ਤੇ ਸਥਿਤ ਗੋਲਡਨ ਸਕੇਅਰ ਮਾਲ ਵਿੱਚ ਸਥਿਤ ਸ਼ੇਅਰ ਟ੍ਰੇਡਿੰਗ ਕੰਪਨੀ ਵੱਲੋਂ ਲੋਕਾਂ ਨੂੰ ਸ਼ੇਅਰਾਂ ਵਿੱਚ ਪੈਸੇ ਲਾਉਣ ਦਾ ਝਾਂਸਾ ਦੇ ਕੇ ਕਰੋੜਾਂ ਰੁਪਏ ਦੀ ਠੱਗੀ ਕਰਨ ਦਾ ਦੋਸ਼ ਹੈ। ਧੋਖੇ ਦਾ ਸ਼ਿਕਾਰ ਹੋਏ ਲੋਕਾਂ ਨੂੰ ਠੱਗੀ ਦਾ ਉਸ ਵੇਲੇ ਪਤਾ ਲੱਗਿਆ ਜਦ ਪ੍ਰਬੰਧਕ ਕੰਪਨੀ ਬੰਦ ਕਰਕੇ ਫ਼ਰਾਰ ਹੋ ਗਏ। ਲੋਕਾਂ ਨੇ ਪੁਲੀਸ ਨੂੰ ਇਸ ਸਬੰਧੀ ਸ਼ਿਕਾਇਤ ਕੀਤੀ ਤੇ ਮੁਜ਼ਾਹਰਾ ਕੀਤਾ। ਇਸ ਮੌਕੇ ਲੋਕਾਂ ਨੇ ਦੱਸਿਆ ਕਿ ਇਸ ਕੰਪਨੀ ਵੱਲੋਂ 2021 ਵਿੱਚ ਮਾਲ ਵਿੱਚ ਸ਼ੇਅਰ ਟ੍ਰੇਡਿੰਗ ਨਾਂ ਹੇਠ ਕੰਪਨੀ ਖੋਲ੍ਹੀ ਗਈ ਸੀ। ਇਥੋਂ ਦੇ ਪ੍ਰਬੰਧਕਾਂ ਨੇ ਲੋਕਾਂ ਆਨਲਾਈਨ ਸ਼ੇਅਰਾਂ ਵਿੱਚ ਪੈਸੇ ਲਾਉਣ ਦਾ ਝਾਂਸਾ ਦੇ ਕੇ ਮੋਟਾ ਮੁਨਾਫ਼ਾ ਦੇਣ ਦਾ ਭਰੋਸਾ ਦਿੱਤਾ ਸੀ। ਸ਼ੁਰੂਆਤੀ ਦੌਰ ਵਿੱਚ ਲੋਕਾਂ ਨੂੰ ਚੰਗਾ ਮੁਨਾਫ਼ਾ ਦਿੱਤਾ ਗਿਆ। ਲੋਕਾਂ ਨੇ ਦੋਸ਼ ਲਾਇਆ ਕਿ ਕੁਝ ਮਹੀਨੇ ਤੋਂ ਬਿਲਕੁਲ ਮੁਨਾਫ਼ਾ ਆਉਣਾ ਬੰਦ ਹੋ ਗਿਆ ਤੇ ਮਗਰੋਂ ਕੰਪਨੀ ਨੇ ਘਾਟਾ ਦਿਖਾਉਣਾ ਸ਼ੁਰੂ ਕਰ ਦਿੱਤਾ। ਮਗਰੋਂ ਪ੍ਰਬੰਧਕ ਦਫਤਰ ਬੰਦ ਕਰ ਫ਼ਰਾਰ ਹੋ ਗਏ। ਲੋਕਾਂ ਨੇ ਦੋਸ਼ ਲਾਇਆ ਕਿ ਕੰਪਨੀ ਲੋਕਾਂ ਦੇ ਕਰੋੜਾਂ ਰੁਪਏ ਲੈ ਕੇ ਫ਼ਰਾਰ ਹੋ ਗਈ ਹੈ। ਐੱਸ.ਪੀ. ਜ਼ੀਰਕਪੁਰ ਜਸਪਿੰਦਰ ਸਿੰਘ ਗਿੱਲ ਨੇ ਕਿਹਾ ਕਿ ਮਾਮਲੇ ਦੀ ਸ਼ਿਕਾਇਤ ਮਿਲਣ ਮਗਰੋਂ ਜਾਂਚ ਸ਼ੁਰੂ ਕਰ ਦਿੱਤੀ ਹੈ।