ਖਰੜ ਵਿਚਲੇ ਘਰਾਂ ’ਚ ਚਾਰ-ਚਾਰ ਫੁੱਟ ਪਾਣੀ
ਇੱਥੋਂ ਦੇ ਓਮ ਐਨਕਲੇਵ ਵਾਰਡ ਨੰਬਰ 12 ਦੇ ਘਰਾਂ ਵਿੱਚ ਲਗਪਗ ਚਾਰ ਸਾਲ ਤੋਂ ਬਹੁਤ ਹੀ ਜ਼ਿਆਦਾ ਪਾਣੀ ਆ ਰਿਹਾ ਹੈ ਪਰ ਅੱਜ ਤੱਕ ਪ੍ਰਸ਼ਾਸਨ ਨੇ ਇਸ ਦੀ ਕਦੇ ਸਾਰ ਵੀ ਨਹੀਂ ਲਈ। ਹੁਣ ਓਮ ਐਨਕਲੇਵ ਦੇ ਗਰਾਊਂਡ ਫਲੋਰ ਦੇ ਘਰਾਂ ਵਿੱਚ ਲਗਪਗ ਚਾਰ-ਚਾਰ ਫੁੱਟ ਪਾਣੀ ਅੰਦਰ ਜਾ ਚੁੱਕਾ ਹੈ। ਕਈ ਪਰਿਵਾਰ ਘਰੋਂ ਬੇਘਰ ਹੋ ਚੁੱਕੇ ਹਨ। ਕਈਆਂ ਦੇ ਛੋਟੇ-ਛੋਟੇ ਬੱਚੇ ਖਾਣ ਪੀਣ ਤੋਂ ਲਾਚਾਰ ਹੋ ਚੁੱਕੇ ਹਨ ਤੇ ਉਨ੍ਹਾਂ ਦਾ ਹੁਣ ਰਹਿਣ ਦਾ ਵੀ ਕੋਈ ਟਿਕਾਣਾ ਨਹੀਂ ਰਿਹਾ। ਇੱਥੋਂ ਦੇ ਵਸਨੀਕ ਅਤੇ ਭਾਜਪਾ ਦੇ ਸੀਨੀਅਰ ਆਗੂ ਨੇ ਦੋਸ਼ ਲਗਾਇਆ ਹੈ ਕਿ ਪ੍ਰਸ਼ਾਸਨ ਵਲੋਂ ਇਸ ਕਲੋਨੀ ਦੇ ਘਰਾਂ ਵੱਲ ਕਦੇ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ। ਇਥੋਂ ਦੇ ਵਸਨੀਕਾਂ ਨੂੰ ਆਪਣੇ ਘਰਾਂ ਦਾ ਡਰ ਹੈ ਕਿਉਂਕਿ ਸਾਰਾ ਦਿਨ ਪਾਣੀ ਖੜ੍ਹਾ ਰਹਿਣ ਕਾਰਨ ਘਰਾਂ ਦੀਆਂ ਦੀਵਾਰਾਂ ਕਮਜ਼ੋਰ ਹੋ ਚੁੱਕੀਆਂ ਹਨ ਤੇ ਉਨ੍ਹਾਂ ਨੂੰ ਹਮੇਸ਼ਾ ਹੀ ਆਪਣੀ ਜਾਨ ਦਾ ਖਤਰਾ ਬਣਿਆ ਰਹਿੰਦਾ ਹੈ।
ਨਿਕਾਸੀ ਨਾ ਹੋਣ ਕਾਰਨ ਪਾਣੀ-ਪਾਣੀ ਹੋਇਆ ਕੁਰਾਲੀ
ਕੁਰਾਲੀ (ਮਿਹਰ ਸਿੰਘ): ਲੰਘੀ ਰਾਤ ਤੋਂ ਲਗਾਤਾਰ ਹੋ ਰਹੀ ਬਾਰਿਸ਼ ਅੱਜ ਸਾਰਾ ਦਿਨ ਜਾਰੀ ਰਹੀ। ਤੇਜ਼ ਬਾਰਸ਼ ਨੇ ਸਾਰੇ ਸ਼ਹਿਰ ਨੂੰ ਜਲਥਲ ਕਰ ਦਿੱਤਾ। ਸ਼ਹਿਰ ਦੀਆਂ ਸੜਕਾਂ, ਗਲੀਆਂ ਤੇ ਬਾਜ਼ਾਰ ਸਾਰਾ ਦਿਨ ਪਾਣੀ ਨਾਲ ਭਰੇ ਰਹੇ ਜਦਕਿ ਕਈ ਇਮਾਰਤਾਂ ਵੀ ਪਾਣੀ ਨਾਲ ਜਲਥਲ ਨਜ਼ਰ ਆਈਆਂ। ਅੱਜ ਸਾਰਾ ਦਿਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਮੀਂਹ ਕਾਰਨ ਸ਼ਹਿਰ ਦਾ ਮੇਨ ਬਾਜ਼ਾਰ, ਨਗਰ ਖੇੜਾ ਬਾਜ਼ਾਰ, ਮਿਉਂਸਿਪਲ ਰੋਡ, ਰੇਲਵੇ ਰੋਡ, ਮਾਤਾ ਰਾਣੀ ਚੌਂਕ, ਸਬਜ਼ੀ ਮੰਡੀ ਚੌਕ, ਚੰਡੀਗੜ੍ਹ ਰੋਡ ਤੇ ਸ਼ਹਿਰ ਦੇ ਹੋਰ ਇਲਾਕੇ ਨਦੀਆਂ ਦਾ ਭੁਲੇਖਾ ਪਾਉਂਦੇ ਰਹੇ। ਸ਼ਹਿਰ ਦੇ ਕਈ ਵਾਰਡਾਂ ਦੀਆਂ ਗਲ਼ੀਆਂ ਵਿਚ ਪਾਣੀ ਭਰ ਗਿਆ। ਸ਼ਹਿਰ ਦੇ ਦਰਜ਼ਨਾਂ ਘਰਾਂ ਤੇ ਦੁਕਾਨਾਂ ਵਿੱਚ ਇੱਕ ਵਾਰ ਫਿਰ ਬਾਰਿਸ਼ ਦਾ ਪਾਣੀ ਦਾਖਲ ਹੋ ਗਿਆ। ਇਸ ਕਾਰਨ ਹੀ ਸ਼ਹਿਰ ਦਾ ਸਿਵਲ ਹਸਪਤਾਲ ਦਾ ਵਿਹੜਾ ਵੀ ਪਾਣੀ ਨਾਲ ਜਲਥਲ ਹੋ ਗਿਆ। ਇਸ ਕਾਰਨ ਮਰੀਜ਼ਾਂ ਨੂੰ ਪਾਣੀ ਵਿਚੋਂ ਲੰਘ ਕੇ ਹਸਪਤਾਲ ਜਾਣ ਲਈ ਮਜਬੂਰ ਹੋਣਾ ਪਿਆ। ਸ਼ਹਿਰ ਦੀ ਚੰਡੀਗੜ੍ਹ ਰੋਡ ’ਤੇ ਮੇਨ ਚੌਂਕ ਤੋਂ ਚਨਾਲੋਂ ਤੱਕ ਪਾਣੀ ਭਰਿਆ ਰਿਹਾ ਜਿਸ ਕਾਰਨ ਛੋਟੇ ਵਾਹਨਾਂ ਨੂੰ ਪ੍ਰੇਸ਼ਾਨੀ ਝੱਲਣੀ ਪਈ। ਦੋ ਪਹੀਆ ਵਾਹਨਾਂ ਤੇ ਪੈਦਲ ਵਾਲਿਆਂ ਨੂੰ ਵਧੇਰੇ ਪ੍ਰਸ਼ਾਨੀ ਹੋਈ। ਮੌਸਮ ਦੇ ਮਿਜ਼ਾਜ਼ ਅਤੇ ਹੋਰ ਬਾਰਸ਼ ਦੀ ਭਵਿੱਖਬਾਣੀ ਕਾਰਨ ਸ਼ਹਿਰ ਤੇ ਇਲਾਕਾ ਵਾਸੀਆਂ ਵਿੱਚ ਸਹਿਮ ਪਾਇਆ ਜਾ ਰਿਹਾ ਹੈ। ਜ਼ਿਕਰਯੋਗ ਹੈ ਪਿਛਲੇ ਸਾਲਾਂ ਦੌਰਾਨ ਸ਼ਹਿਰ ਨੂੰ ਬਾਰਸ਼ ਕਾਰਨ ਕਾਫ਼ੀ ਨੁਕਸਾਨ ਝੱਲਣਾ ਪੈਂਦਾ ਰਿਹਾ ਹੈ।