ਚੰਡੀਗੜ੍ਹ ਦੇ ਸੈਕਟਰ 29 ਵਿੱਚੋਂ ਚਾਰ ਕਾਰਤੂਸ ਮਿਲੇ
ਕਲੋਨੀ ਵਾਸੀਆਂ ਨੇ ਦੱਸਿਆ ਕਿ ਐਤਵਾਰ ਦੇਰ ਸ਼ਾਮ ਕਾਰ ਵਿੱਚ ਸਵਾਰ ਦੋਵੇਂ ਜਣੇ ਜਬਰਨ ਕਲੋਨੀ ਵਿੱਚ ਦਾਖਲ ਹੋ ਗਏ ਸਨ, ਜਿਨ੍ਹਾਂ ਵੱਲੋਂ ਨਸ਼ੇ ਦੀ ਹਾਲਤ ਵਿੱਚ ਬਹੁਤ ਤੇਜ਼ ਰਫ਼ਤਾਰ ਨਾਲ ਗੱਡੀ ਚਲਾਈ ਜਾ ਰਹੀ ਸੀ। ਜਦੋਂ ਉਨ੍ਹਾਂ ਨੂੰ ਰੋਕਿਆ ਗਿਆ ਤਾਂ ਉਨ੍ਹਾਂ ਪਿਸਤੌਲ ਦਿਖਾ ਕੇ ਲੋਕਾਂ ਨੂੰ ਧਮਕਾਉਣ ਦੀ ਕੋਸ਼ਿਸ਼ ਕੀਤੀ। ਥਾਣਾ ਇੰਡਸਟਰੀਅਲ ਏਰੀਆ ਦੀ ਪੁਲੀਸ ਨੇ ਕਾਰ ਸਵਾਰ ਲੜਕਾ-ਲੜਕੀ ਨੂੰ ਹਿਰਾਸਤ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ। ਕਲੋਨੀ ਵਾਸੀਆਂ ਦਾ ਕਹਿਣਾ ਹੈ ਕਿ ਪੁਲੀਸ ਨੇ ਉਨ੍ਹਾਂ ਦੇ ਸਾਹਮਣੇ ਕਾਰ ਦੀ ਤਲਾਸ਼ੀ ਨਹੀਂ ਲਈ ਅਤੇ ਇਹ ਕਾਰਤੂਸ ਕਾਰ ਸਵਾਰ ਦੋਵਾਂ ਜਣਿਆਂ ਵੱਲੋਂ ਹੀ ਸੁੱਟੇ ਗਏ ਹਨ।
ਦੋਵਾਂ ਕੋਲੋਂ ਪਿਸਤੌਲ ਜਾਂ ਹਥਿਆਰ ਨਹੀਂ ਮਿਲਿਆ: ਪੁਲੀਸ ਅਧਿਕਾਰੀ
ਥਾਣਾ ਇੰਡਸਟਰੀਅਲ ਏਰੀਆ ਦੀ ਕਾਰਜਕਾਰੀ ਐੱਸ ਐੱਚ ਓ ਸਰਿਤਾ ਨੇ ਕਿਹਾ ਕਿ ਉਕਤ ਲੜਕਾ-ਲੜਕੀ ਕੋਲੋਂ ਕੋਈ ਪਿਸਤੌਲ ਜਾਂ ਹਥਿਆਰ ਬਰਾਮਦ ਨਹੀਂ ਹੋਇਆ ਹੈ। ਉਨ੍ਹਾਂ ਕਿਹਾ ਕਿ ਉਕਤ ਨੌਜਵਾਨ ਪੰਚਕੂਲਾ ਦਾ ਰਹਿਣ ਵਾਲਾ ਹੈ, ਜਿਸ ਨੇ ਸ਼ਰਾਬ ਪੀਤੀ ਹੋਈ ਸੀ। ਥਾਣਾ ਇੰਡਸਟਰੀਅਲ ਏਰੀਆ ਦੀ ਪੁਲੀਸ ਵੱਲੋਂ ਮਾਮਲੇ ਸਬੰਧੀ ਜਾਂਚ ਕੀਤੀ ਜਾ ਰਹੀ ਹੈ।
