ਜਲ ਸਪਲਾਈ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਿਆ
ਪੇਂਡੂ ਖੇਤਰਾਂ ’ਚ ਬੁਨਿਆਦੀ ਸਹੂਲਤਾਂ ਨੂੰ ਮਜ਼ਬੂਤ ਕਰਨ ਤਹਿਤ ਡੇਰਾਬਸੀ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਅੱਜ ਨਾਬਾਰਡ-30 ਸਕੀਮ ਅਧੀਨ ਪਿੰਡ ਹੁੰਬੜਾਂ ਅਤੇ ਹੰਸਾਲਾ ਲਈ 49.29 ਲੱਖ ਰੁਪਏ ਦੀ ਲਾਗਤ ਵਾਲੇ ਜਲ ਸਪਲਾਈ ਪ੍ਰਾਜੈਕਟ ਦਾ ਨੀਂਹ ਪੱਥਰ ਹੁੰਬੜਾਂ ’ਚ ਰੱਖਿਆ। ਪ੍ਰਾਜੈਕਟ ਵਿੱਚ 235 ਮੀਟਰ ਡੂੰਘਾ ਟਿਊਬਵੈੱਲ ਲਾਉਣਾ, ਇੱਕ ਪੰਪ ਚੈਂਬਰ ਦਾ ਨਿਰਮਾਣ, 25,000 ਲੀਟਰ ਸਮਰੱਥਾ ਵਾਲੀ ਪਾਣੀ ਦੀ ਟੈਂਕੀ ਦੀ ਸਥਾਪਨਾ, ਲਗਪਗ 700 ਮੀਟਰ ਪੀ ਵੀ ਸੀ ਪਾਈਪਲਾਈਨ ਵਿਛਾਉਣਾ ਤੇ 124 ਘਰੇਲੂ ਪਾਣੀ ਦੇ ਕੁਨੈਕਸ਼ਨ ਦੇਣਾ ਸ਼ਾਮਲ ਹੈ। ਇਸ ਮੌਕੇ ਬੋਲਦਿਆਂ ਵਿਧਾਇਕ ਰੰਧਾਵਾ ਨੇ ਕਿਹਾ ਕਿ ਇਹ ਪ੍ਰਾਜੈਕਟ ਪੇਂਡੂ ਖੇਤਰਾਂ ਵਿੱਚ ਹਰ ਘਰ ਨੂੰ ਸਾਫ਼ ਤੇ ਸੁਰੱਖਿਅਤ ਪੀਣ ਵਾਲਾ ਪਾਣੀ ਪ੍ਰਦਾਨ ਕਰਨ ਲਈ ਸਰਕਾਰ ਦੇ ਸਮਰਪਿਤ ਯਤਨਾਂ ਨੂੰ ਦਰਸਾਉਂਦਾ ਹੈ। ਪਿੰਡ ਵਾਸੀਆਂ ਨੇ ਮੰਗ ਨੂੰ ਪੂਰਾ ਕਰਨ ਲਈ ਵਿਧਾਇਕ ਰੰਧਾਵਾ ਦਾ ਧੰਨਵਾਦ ਕੀਤਾ। ਇਸ ਮੌਕੇ ਸਥਾਨਕ ਪ੍ਰਤੀਨਿਧੀ, ਬਲਾਕ ਪ੍ਰਧਾਨ, ਜਸਪਾਲ ਕੌਰ ਸਰਪੰਚ ਹੁੰਬੜਾ, ਸਵਰਨੋ ਕੌਰ ਸਰਪੰਚ ਹੰਸਾਲਾ ਤੇ ਪੰਚ ਮੌਜੂਦ ਸਨ।
