ਸਾਬਕਾ ਵਿਦਿਆਰਥੀ ਵੱਲੋਂ ਲਾਅ ਵਿਭਾਗ ਦੀ ਸਹਾਇਤਾ
ਪੰਜਾਬ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਅਤੇ ਸਾਬਕਾ ਫੈਕਲਟੀ ਮੈਂਬਰ ਪ੍ਰੋਫੈਸਰ ਡੀ ਐੱਨ ਜੌਹਰ ਨੇ ਲਾਅ ਵਿਭਾਗ ਲਈ ਐਂਡੋਮੈਂਟ (ਪਲਾਟ ਦੀ ਰਕਮ) 3 ਕਰੋੜ ਰੁਪਏ ਦਾ ਪਲਾਟ ਦਾਨ ਕੀਤਾ ਹੈ। ਪ੍ਰੋ. ਡੀ ਐੱਨ ਜੌਹਰ ਦੇ ਲਈ ਕੀਤੇ ਮਹੱਤਵਪੂਰਨ ਵਿਅਕਤੀਗਤ ਯੋਗਦਾਨਾਂ ਵਿੱਚੋਂ ਇੱਕ ਹੈ। ਸੈਕਟਰ-123, ਮੁਹਾਲੀ ਵਿੱਚ ਇੱਕ ਕਨਾਲ ਜਾਇਦਾਦ ਦੇ ਯੋਗਦਾਨ ਦੁਆਰਾ ਬਣਾਈ ਗਈ ਇਸ ਪਹਿਲਕਦਮੀ ਦਾ ਉਦੇਸ਼ ਲੰਬੇ ਸਮੇਂ ਦੀਆਂ ਅਕਾਦਮਿਕ ਗਤੀਵਿਧੀਆਂ ਦਾ ਸਮਰਥਨ ਕਰਨਾ ਹੈ। ਐਂਡੋਮੈਂਟ ਸਮਝੌਤੇ ’ਤੇ ਪੀ ਯੂ ਦੇ ਰਜਿਸਟਰਾਰ ਪ੍ਰੋਫੈਸਰ ਵਾਈ ਪੀ ਵਰਮਾ, ਪੀ ਯੂ ਵਿੱਤ ਅਤੇ ਵਿਕਾਸ ਅਧਿਕਾਰੀ ਸੀ ਏ ਡਾ. ਵਿਕਰਮ ਨਈਅਰ ਅਤੇ ਡਾ. ਜੌਹਰ ਨੇ ਪੀ ਯੂ ਵਾਈਸ ਚਾਂਸਲਰ ਪ੍ਰੋ. ਰੇਨੂੰ ਵਿੱਗ, ਡੀਨ ਲਾਅ ਫੈਕਲਟੀ ਪ੍ਰੋਫੈਸਰ ਰਾਜਿੰਦਰ ਕੌਰ, ਚੇਅਰਪਰਸਨ ਪ੍ਰੋਫੈਸਰ ਵੰਦਨਾ ਅਰੋੜਾ ਅਤੇ ਡਾ. ਜੌਹਰ ਦੇ ਪਰਿਵਾਰ ਦੇ ਮੈਂਬਰਾਂ ਪਤਨੀ ਆਦਰਸ਼ ਜੌਹਰ, ਬੇਟੀ ਨਸੀਮ ਜੌਹਰ, ਪੁੱਤਰ ਅਮੀਨ ਜੌਹਰ ਅਤੇ ਨੂੰਹ ਪਾਮੇਲਾ ਦੀ ਮੌਜੂਦਗੀ ਵਿੱਚ ਹਸਤਾਖਰ ਕੀਤੇ ਗਏ। ਪੀਯੂ ਦੇ ਬੁਲਾਰੇ ਨੇ ਦੱਸਿਆ ਕਿ ਇਸ ਪਲਾਟ ਦਾ ਪ੍ਰਬੰਧਨ ਯੂਨੀਵਰਸਿਟੀ ਵੱਲੋਂ ਕੀਤਾ ਜਾਵੇਗਾ, ਅਤੇ ਇਸਦੀ ਵਿਕਰੀ ਤੋਂ ਹੋਣ ਵਾਲੀ ਆਮਦਨ ਪ੍ਰੋਫੈਸਰ ਡੀ.ਐਨ. ਜੌਹਰ ਐਂਡੋਮੈਂਟ ਦੇ ਫੰਡ ਵਿੱਚ ਹੋਵੇਗੀ। ਫੰਡ ਤੋਂ ਹੋਣ ਵਾਲੀ ਸਾਲਾਨਾ ਆਮਦਨ ਦਾ 60 ਪ੍ਰਤੀਸ਼ਤ ਅਕਾਦਮਿਕ ਗਤੀਵਿਧੀਆਂ ਲਈ ਵਰਤਿਆ ਜਾਵੇਗਾ, ਜਦੋਂ ਕਿ 40 ਪ੍ਰਤੀਸ਼ਤ ਸਥਿਰਤਾ ਨੂੰ ਯਕੀਨੀ ਬਣਾਉਣ ਲਈ ਦੁਬਾਰਾ ਨਿਵੇਸ਼ ਕੀਤਾ ਜਾਵੇਗਾ। ਵਾਈਸ ਚਾਂਸਲਰ ਪ੍ਰੋ. ਰੇਨੂੰ ਵਿੱਗ ਨੇ ਇਸ ਉੱਦਮ ਲਈ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਪ੍ਰੋਫੈਸਰ ਜੌਹਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਉੱਦਮ ਲਾਅ ਵਿਭਾਗ ਵਿੱਚ ਅਕਾਦਮਿਕ ਕੰਮ ਨੂੰ ਮਜ਼ਬੂਤ ਕਰੇਗਾ। ਪ੍ਰੋ. ਜੌਹਰ ਨੇ ਕਿਹਾ ਕਿ ਇਹ ਐਂਡੋਮੈਂਟ ਪੀ ਯੂ ਨਾਲ ਉਨ੍ਹਾਂ ਦੇ ਲੰਬੇ ਸਮੇਂ ਤੋਂ ਚੱਲ ਰਹੇ ਸਬੰਧਾਂ ਅਤੇ ਲਾਅ ਵਿਭਾਗ ਵਿੱਚ ਵਿਦਿਆਰਥੀਆਂ ਲਈ ਯੋਗਦਾਨ ਪਾਉਣ ਦੇ ਇਰਾਦੇ ਨੂੰ ਦਰਸਾਉਂਦੀ ਹੈ।
