ਸਾਬਕਾ ਲੈਫਟੀਨੈਂਟ ਜਨਰਲ ਦੀ ਕਾਰ ਨੂੰ ਪੰਜਾਬ ਪੁਲੀਸ ਦੀ VIP ਐਸਕਾਰਟ ਜੀਪ ਨੇ ਮਾਰੀ ਟੱਕਰ
ਜ਼ੀਰਕਪੁਰ ਫਲਾਈਓਵਰ ’ਤੇ ਬੁੱਧਵਾਰ ਸ਼ਾਮ ਨੂੰ ਇੱਕ ਵੱਡਾ ਮਾਮਲਾ ਸਾਹਮਣੇ ਆਇਆ, ਜਿੱਥੇ ਸੇਵਾਮੁਕਤ ਲੈਫਟੀਨੈਂਟ ਜਨਰਲ ਡੀ ਐੱਸ ਹੁੱਡਾ ਦੀ ਕਾਰ ਨੂੰ ਇੱਕ VIP ਨੂੰ ਐਸਕਾਰਟ ਕਰ ਰਹੀ ਪੰਜਾਬ ਪੁਲੀਸ ਦੀ ਜੀਪ ਨੇ ਕਥਿਤ ਤੌਰ 'ਤੇ ਜਾਣਬੁੱਝ ਕੇ ਟੱਕਰ ਮਾਰ ਦਿੱਤੀ। ਇਸ ਘਟਨਾ ਵਿੱਚ ਜਨਰਲ ਹੁੱਡਾ ਦੀ ਕਾਰ ਦਾ ਨੁਕਸਾਨ ਵੀ ਹੋਇਆ ਹੈ। ਇਸ ਸਬੰਧੀ ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਪੁਲੀਸ ਕਰਮਚਾਰੀਆਂ ਦੇ ਇਸ "ਹੰਕਾਰੀ ਅਤੇ ਮਨਮਾਨੀ" ਵਾਲੇ ਰਵੱਈਏ ’ਤੇ ਸਖ਼ਤ ਨਿਰਾਸ਼ਾ ਜ਼ਾਹਰ ਕੀਤੀ।
ਲੈਫਟੀਨੈਂਟ ਜਨਰਲ ਡੀ ਐਸ ਹੁੱਡਾ ਨੇ ਆਪਣੇ ਐਕਸ (ਪਹਿਲਾਂ ਟਵਿੱਟਰ) ਅਕਾਊਂਟ 'ਤੇ ਘਟਨਾ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਸ਼ਾਮ 4 ਵਜੇ ਆਪਣੀ ਪਤਨੀ ਨਾਲ ਅੰਬਾਲਾ ਵੱਲ ਜਾਂਦੇ ਹੋਏ ਜ਼ੀਰਕਪੁਰ ਫਲਾਈਓਵਰ 'ਤੇ ਗੱਡੀ ਚਲਾ ਰਹੇ ਸਨ।
ਉਨ੍ਹਾਂ ਕਿਹਾ,‘‘ 4 ਵਜੇ ਆਪਣੀ ਪਤਨੀ ਨਾਲ ਜ਼ੀਰਕਪੁਰ ਫਲਾਈਓਵਰ 'ਤੇ ਗੱਡੀ ਚਲਾ ਰਿਹਾ ਸੀ। ਅੰਬਾਲਾ ਵੱਲ ਜਾ ਰਹੇ ਇੱਕ VIP ਨੂੰ ਐਸਕਾਰਟ ਕਰ ਰਹੀਆਂ ਪੰਜਾਬ ਪੁਲੀਸ ਦੀਆਂ ਦੋ ਜੀਪਾਂ ਸਾਇਰਨ ਵਜਾਉਂਦੀਆਂ ਪਿੱਛੇ ਤੋਂ ਆਈਆਂ। ਪਹਿਲੇ ਵਾਹਨ ਨੂੰ ਲੰਘਣ ਦੇਣ ਲਈ ਗੱਡੀ ਹੌਲੀ ਕੀਤੀ, ਪਰ ਭਾਰੀ ਆਵਾਜਾਈ ਕਾਰਨ VIP ਵਾਹਨ ਨੂੰ ਲੰਘਣ ਵਿੱਚ ਸ਼ਾਇਦ ਤਿੰਨ ਵਾਧੂ ਸਕਿੰਟ ਲੱਗ ਗਏ।’’
ਉਨ੍ਹਾਂ ਦੱਸਿਆ ਕਿ ਇਸ ਤੋਂ ਨਾਰਾਜ਼ ਹੋ ਕੇ, ਪਿੱਛੇ ਵਾਲੀ ਐਸਕਾਰਟ ਜੀਪ ਨੇ ਖੱਬੇ ਪਾਸਿਓਂ ਓਵਰਟੇਕ ਕਰਦੇ ਸਮੇਂ ਜਾਣਬੁੱਝ ਕੇ ਤੇਜ਼ੀ ਨਾਲ ਸੱਜੇ ਪਾਸੇ ਕੱਟ ਮਾਰਿਆ, ਜਿਸ ਨਾਲ ਉਨ੍ਹਾਂ ਦੀ ਕਾਰ ਦੇ ਅਗਲੇ ਹਿੱਸੇ ਨੂੰ ਟੱਕਰ ਵੱਜੀ ਅਤੇ ਫਿਰ ਉਹ ਤੇਜ਼ੀ ਨਾਲ ਅੱਗੇ ਨਿਕਲ ਗਏ।
ਜਨਰਲ ਹੁੱਡਾ ਨੇ ਇਸ ਨੂੰ "ਜਾਣਬੁੱਝ ਕੇ ਕੀਤੀ ਗਈ ਕਾਰਵਾਈ" ਦੱਸਿਆ, ਜਿਸ ਨੇ ਨਾ ਸਿਰਫ਼ ਕਾਰ ਨੂੰ ਨੁਕਸਾਨ ਪਹੁੰਚਾਇਆ, ਸਗੋਂ ਭੀੜ ਵਾਲੀ ਸੜਕ 'ਤੇ ਉਨ੍ਹਾਂ ਦੀ ਨਿੱਜੀ ਸੁਰੱਖਿਆ ਦੀ ਵੀ ਕੋਈ ਪਰਵਾਹ ਨਹੀਂ ਕੀਤੀ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਡੀਜੀਪੀ ਪੰਜਾਬ ਪੁਲਿਸ ਨੂੰ ਨੋਟਿਸ ਲੈਣ ਦੀ ਅਪੀਲ ਕੀਤੀ।
ਡੀਜੀਪੀ ਪੰਜਾਬ ਨੇ ਅਫਸੋਸ ਜਤਾਇਆ
ਲੈਫਟੀਨੈਂਟ ਜਨਰਲ ਹੁੱਡਾ ਦੇ ਟਵੀਟ ਦਾ ਜਵਾਬ ਦਿੰਦਿਆਂ ਡੀਜੀਪੀ ਪੰਜਾਬ ਪੁਲੀਸ ਦੇ ਅਧਿਕਾਰਤ ਹੈਂਡਲ ਤੋਂ ਤੁਰੰਤ ਪ੍ਰਤੀਕਿਰਿਆ ਆਈ। ਉਨ੍ਹਾਂ ਨੇ ਇਸ ਮੰਦਭਾਗੀ ਘਟਨਾ ਕਾਰਨ ਜਨਰਲ ਹੁੱਡਾ ਅਤੇ ਉਨ੍ਹਾਂ ਦੀ ਪਤਨੀ ਨੂੰ ਹੋਈ ਪਰੇਸ਼ਾਨੀ ਅਤੇ ਚਿੰਤਾ ’ਤੇ ਡੂੰਘਾ ਅਫਸੋਸ ਪ੍ਰਗਟਾਇਆ।
ਡੀਜੀਪੀ ਦਫ਼ਤਰ ਨੇ ਕਿਹਾ, " ਜੇ ਅਜਿਹਾ ਵਿਵਹਾਰ ਹੋਇਆ ਹੈ ਤਾਂ ਪੂਰੀ ਤਰ੍ਹਾਂ ਅਸਵੀਕਾਰਨਯੋਗ ਹੈ ਅਤੇ ਪੰਜਾਬ ਪੁਲੀਸ ਜਿਸ ਪੇਸ਼ੇਵਰਤਾ (professionalism) ਅਤੇ ਜਨਤਕ ਸੇਵਾ (public service) ਦੇ ਕਦਰਾਂ-ਕੀਮਤਾਂ ਲਈ ਖੜ੍ਹੀ ਹੈ, ਇਹ ਉਸ ਦੇ ਉਲਟ ਹੈ।’’
ਡੀਜੀਪੀ ਨੇ ਨਿੱਜੀ ਤੌਰ 'ਤੇ ਸਪੈਸ਼ਲ ਡੀਜੀਪੀ ਟਰੈਫਿਕ ਏ ਐੱਸ ਰਾਏ ਨਾਲ ਮਾਮਲੇ 'ਤੇ ਚਰਚਾ ਕੀਤੀ ਹੈ ਅਤੇ ਸ਼ਾਮਲ ਵਾਹਨਾਂ ਅਤੇ ਕਰਮਚਾਰੀਆਂ ਦੀ ਪਛਾਣ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ। ਉਨ੍ਹਾਂ ਭਰੋਸਾ ਦਿਵਾਇਆ ਕਿ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ ਅਤੇ ਜਵਾਬਦੇਹੀ ਯਕੀਨੀ ਬਣਾਉਣ ਲਈ ਢੁਕਵੀਂ ਕਾਰਵਾਈ ਸ਼ੁਰੂ ਕੀਤੀ ਜਾਵੇਗੀ।
ਉਧਰ ਇਸ ਟਵੀਟ ’ਤੇ ਕਰੀਬ 800 ਟਿੱਪਣੀਆਂ ਮਿਲੀਆਂ ਹਨ ਅਤੇ ਕੁੱਝ ਨੇ ਪੰਜਾਬ ਦੇ ਵੀਆਈਪੀ ਕਲਚਰ ’ਤੇ ਵੀ ਸਵਾਲ ਚੁੱਕੇ ਹਨ।
