BSP ਪੰਜਾਬ ਦੇ ਸਾਬਕਾ ਪ੍ਰਧਾਨ ਜਸਵੀਰ ਗੜ੍ਹੀ ‘ਆਪ’ ਵਿਚ ਸ਼ਾਮਲ
ਚੰਡੀਗੜ੍ਹ, 1 ਜਨਵਰੀ
ਬਹੁਜਨ ਸਮਾਜ ਪਾਰਟੀ (ਬਸਪਾ) ਪੰਜਾਬ ਦੇ ਸਾਬਕਾ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਬੁੱਧਵਾਰ ਨੂੰ ਨਵੇਂ ਸਾਲ ਵਾਲੇ ਦਿਨ ਆਮ ਆਦਮੀ ਪਾਰਟੀ (AAP) ਵਿਚ ਸ਼ਾਮਲ ਹੋ ਗਏ ਹਨ। ਉਨ੍ਹਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ‘ਆਪ’ ਵਿਚ ਸ਼ਾਮਲ ਕਰਵਾਇਆ।
ਇਸ ਦੇ ਨਾਲ ਹੀ ਪਾਰਟੀ ਹਾਈਕਮਾਨ ਨੇ ਗੜ੍ਹੀ ਦੀ ਥਾਂ ਸਾਬਕਾ ਮੈਂਬਰ ਰਾਜ ਸਭਾ ਤੇ ਸਾਬਕਾ ਵਿਧਾਇਕ ਅਵਤਾਰ ਸਿੰਘ ਕਰੀਮਪੁਰੀ (Avtar Singh Karimpuri) ਨੂੰ ਨਵਾਂ ਸੂਬਾ ਪ੍ਰਧਾਨ ਥਾਪ ਦਿੱਤਾ ਸੀ। ਕਰੀਮਪੁਰੀ ਪਹਿਲਾਂ ਵੀ ਕਈ ਸਾਲ ਬਸਪਾ ਪੰਜਾਬ ਦੇ ਪ੍ਰਧਾਨ ਰਹਿ ਚੁੱਕੇ ਹਨ।
ਹੁਣ ਜਸਵੀਰ ਸਿੰਘ ਗੜ੍ਹੀ ਨੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਹੈ। ਇਸ ਤੋਂ ਪਹਿਲਾਂ ਉਨ੍ਹਾਂ ਸਵੇਰੇ ‘ਨਵਾਂ ਸਾਲ ਮੁਬਾਰਕ, ਨਵੇਂ ਰਸਤੇ ’ਤੇ ਚੱਲਕੇ ਪੁਰਾਣੀਆਂ ਮੰਜ਼ਲਾਂ ਸਰ ਕਰਾਂਗੇ’ ਸਿਰਲੇਖ ਤਹਿਤ ਫੇਸਬੁੱਕ ਉਤੇ ਇਕ ਬੜੀ ਜਜ਼ਬਾਤੀ ਲਾਈਵ ਵੀਡੀਓ (Facebook Live Video) ਪਾ ਕੇ ਨਵਾਂ ਰਾਹ ਅਖ਼ਤਿਆਰ ਕਰਨ ਦਾ ਸੰਕੇਤ ਦਿੱਤਾ।
ਉਨ੍ਹਾਂ ਇਸ ਵੀਡੀਓ ਵਿਚ ਮੌਜੂਦਾ ਬਸਪਾ ਪੰਜਾਬ ਪ੍ਰਧਾਨ ਸਮੇਤ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਉਤੇ ਕਈ ਤਰ੍ਹਾਂ ਦੇ ਦੋਸ਼ ਲਾਏ ਹਨ।
ਉਨ੍ਹਾਂ ਅਤੀਤ ਵਿਚ ਪਾਰਟੀ ਨੂੰ ਛੱਡ ਕੇ ਗਏ ਪਾਰਟੀ ਦੇ ਪੁਰਾਣੇ ਕਾਰਕੁਨਾਂ ਤੇ ਆਗੂਆਂ ਦੇ ਪਾਰਟੀ ਛੱਡਣ ਦੇ ਫ਼ੈਸਲਿਆਂ ਲਈ ਵੀ ਪਾਰਟੀ ਲੀਡਰਸ਼ਿਪ ਨੂੰ ਜ਼ਿੰਮੇਵਾਰ ਠਹਿਰਾਇਆ ਅਤੇ ਬਸਪਾ ਲੀਡਰਸ਼ਿਪ ਉਤੇ ਆਪਣੇ ਸਮੇਤ ਹੋਰ ਆਗੂਆਂ ਦੇ ‘ਸਿਆਸੀ ਕਤਲ’ ਕਰਨ ਦੇ ਦੋਸ਼ ਲਾਏ ਹਨ।