ਸਿਟੀ ਬਿਊਟੀਫੁਲ ’ਚ ਵਿਦੇਸ਼ੀ ਸੈਲਾਨੀਆਂ ਦੀ ਆਮਦ ਘਟੀ
ਯੂਟੀ ਪ੍ਰਸ਼ਾਸਨ ਵੱਲੋਂ ਸ਼ਹਿਰ ਵਿੱਚ ਸੈਲਾਨੀਆਂ ਦੀ ਆਮਦ ਵਧਾਉਣ ਲਈ ਰਣਨੀਤੀ ਉਲੀਕੀ ਜਾ ਰਹੀ ਹੈ। ਇਸ ਦੇ ਬਾਵਜੂਦ ਸ਼ਹਿਰ ਵਿੱਚ ਵਿਦੇਸ਼ੀ ਸੈਲਾਨੀਆਂ ਦੀ ਗਿਣਤੀ ਲਗਾਤਾਰ ਘਟ ਰਹੀ ਹੈ। ਹਾਲਾਂਕਿ ਚੰਡੀਗੜ੍ਹ ਵਿੱਚ ਘਰੇਲੂ ਯਾਤਰੀਆਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ। ਇਸ ਗੱਲ ਦਾ ਖ਼ੁਲਾਸਾ ਅੱਜ ਕੇਂਦਰੀ ਸੈਰ ਸਪਾਟਾ ਮੰਤਰਾਲੇ ਵੱਲੋਂ ਰਾਜ ਸਭਾ ਵਿੱਚ ਪੇਸ਼ ਕੀਤੀ ਰਿਪੋਰਟ ਵਿੱਚ ਹੋਇਆ ਹੈ। ਇਸ ਦੌਰਾਨ ਰਾਜ ਸਭਾ ਵਿੱਚ ਚੰਡੀਗੜ੍ਹ ਦੇ ਸੈਲਾਨੀਆਂ ਦੀ ਪੰਜ ਸਾਲਾਂ ਦੀ ਰਿਪੋਰਟ ਪੇਸ਼ ਕੀਤੀ ਗਈ ਹੈ।
ਰਾਜ ਸਭਾ ਵਿੱਚ ਪੇਸ਼ ਕੀਤੀ ਰਿਪੋਰਟ ਅਨੁਸਾਰ ਸਾਲ 2019 ਵਿੱਚ ਕਰੋਨਾ ਮਹਾਂਮਾਰੀ ਤੋਂ ਪਹਿਲਾਂ ਚੰਡੀਗੜ੍ਹ ਵਿੱਚ 15.63 ਲੱਖ ਘਰੇਲੂ ਸੈਲਾਨੀਆਂ ਅਤੇ 44,132 ਵਿਦੇਸ਼ੀ ਸੈਲਾਨੀਆਂ ਦੀ ਆਮਦ ਹੋਈ ਸੀ। ਇਸ ਤੋਂ ਬਾਅਦ ਸਾਲ 2020 ਵਿੱਚ ਕਰੋਨਾ ਮਹਾਂਮਾਰੀ ਕਰ ਕੇ ਸੈਲਾਨੀਆਂ ਦੀ ਗਿਣਤੀ ਘਟ ਗਈ ਸੀ। ਇਸ ਦੇ ਬਾਵਜੂਦ ਸ਼ਹਿਰ ਵਿੱਚ 4.17 ਲੱਖ ਘਰੇਲੂ ਅਤੇ 12,218 ਵਿਦੇਸ਼ੀ ਸੈਲਾਨੀ ਆਏ। ਸਾਲ 2021 ਵਿੱਚ ਇਹ ਅੰਕੜਾ ਹੋਰ ਘਟ ਗਿਆ। ਇਸ ਸਮੇਂ 2.28 ਲੱਖ ਘਰੇਲੂ ਅਤੇ 5,451 ਵਿਦੇਸ਼ੀ ਸੈਲਾਨੀ ਚੰਡੀਗੜ੍ਹ ਆਏ ਸਨ।
ਕਰੋਨਾ ਤੋਂ ਬਾਅਦ ਸ਼ਹਿਰ ਵਿੱਚ ਸੈਲਾਨੀਆਂ ਦੀ ਗਿਣਤੀ ਵਿੱਚ ਕੁਝ ਸੁਧਾਰ ਹੋਣਾ ਸ਼ੁਰੂ ਹੋਇਆ ਸੀ। ਇਸੇ ਦੇ ਚੱਲਦਿਆਂ ਸਾਲ 2022 ਦੌਰਾਨ ਚੰਡੀਗੜ੍ਹ ਵਿੱਚ 30.27 ਲੱਖ ਘਰੇਲੂ ਸੈਲਾਨੀ ਪਹੁੰਚੇ ਜਦੋਂਕਿ ਵਿਦੇਸ਼ੀ ਸੈਲਾਨੀਆਂ ਦੀ ਗਿਣਤੀ 28,439 ਦਰਜ ਕੀਤੀ ਗਈ ਸੀ। ਇਸ ਤੋਂ ਬਾਅਦ ਸਾਲ 2023 ਵਿੱਚ ਮੁੜ ਤੋਂ ਸੈਲਾਨੀਆਂ ਦੀ ਆਮਦ ਵਿੱਚ ਕਟੌਤੀ ਦਰਜ ਕੀਤੀ ਗਈ ਸੀ। ਉਸ ਸਮੇਂ ਸ਼ਹਿਰ ਵਿੱਚ 3.65 ਲੱਖ ਘਰੇਲੂ ਅਤੇ 31,498 ਵਿਦੇਸ਼ੀ ਸੈਲਾਨੀ ਪਹੁੰਚੇ ਸਨ ਜਦੋਂਕਿ ਸਾਲ 2024 ਵਿੱਚ 9.98 ਲੱਖ ਘਰੇਲੂ ਤੇ 39,058 ਵਿਦੇਸ਼ੀ ਸੈਲਾਨੀ ਪਹੁੰਚੇ ਸਨ।
ਯੂਟੀ ਪ੍ਰਸ਼ਾਸਨ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਰੋਨਾ ਤੋਂ ਬਾਅਦ ਵਿਦੇਸ਼ੀ ਸੈਲਾਨੀ ਪਹਿਲਾਂ ਵਾਂਗ ਸ਼ਹਿਰ ਵਿੱਚ ਨਹੀਂ ਪਹੁੰਚ ਰਹੇ। ਇਸ ਲਈ ਯੂਟੀ ਪ੍ਰਸ਼ਾਸਨ ਵੱਲੋਂ ਵਿਦੇਸ਼ੀ ਸੈਲਾਨੀਆਂ ਨੂੰ ਉਤਸ਼ਾਹਿਤ ਕਰਨ ਲਈ ਵਧੇਰੇ ਯਤਨ ਕੀਤੇ ਜਾ ਰਹੇ ਹਨ। ਯੂਟੀ ਦੇ ਸੈਰ-ਸਪਾਟਾ ਵਿਭਾਗ ਵੱਲੋਂ ਵਿਸ਼ੇਸ਼ ਮਾਹਿਰਾਂ ਦੀ ਮਦਦ ਨਾਲ ਸੋਸ਼ਲ ਮੀਡੀਆ ਰਾਹੀਂ ਚੰਡੀਗੜ੍ਹ ਵਿੱਚ ਘੁੰਮਣ ਵਾਲੀਆਂ ਥਾਵਾਂ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।
ਚੰਡੀਗੜ੍ਹ ਵਿੱਚ ਘੁੰਮਣ ਵਾਲੀਆਂ ਮੁੱਖ ਥਾਵਾਂ
ਲੀਅ ਕਾਰਬੂਜ਼ੀਏ ਵੱਲੋਂ ਡਿਜ਼ਾਈਨ ਕੀਤੇ ਸ਼ਹਿਰ ਚੰਡੀਗੜ੍ਹ ਵਿੱਚ ਘੁੰਮਣ ਲਈ ਵਧੇਰੇ ਥਾਵਾਂ ਹਨ ਜੋ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਬਣਦੀਆਂ ਹਨ। ਚੰਡੀਗੜ੍ਹ ਵਿੱਚ ਸੁਖਨਾ ਝੀਲ, ਰੌਕ ਗਾਰਡਨ, ਰੋਜ਼ ਗਾਰਡਨ, ਕੈਪੀਟਲ ਕੰਪਲੈਕਸ, ਵੱਖ-ਵੱਖ ਪਾਰਕ, ਭਾਰਤੀ ਹਵਾਈ ਸੈਨਾ ਦਾ ਹੈਰੀਟੇਜ ਸੇਂਟਰ ਅਤੇ ਹੋਰ ਥਾਵਾਂ ਹਨ ਜੋ ਲੋਕਾਂ ਲਈ ਖਿੱਚ ਦਾ ਕੇਂਦਰ ਬਣਦੀਆਂ ਹਨ।