ਫੁਟਬਾਲ: ਬਰੌਲੀ ਨੇ ਫ਼ਤਹਿਪੁਰ ਨੂੰ ਹਰਾਇਆ
ਖਿਜ਼ਰਾਬਾਦ ਦੇ ਸ਼ਹੀਦ ਭਗਤ ਸਿੰਘ ਮੈਮੋਰੀਅਲ ਸਪੋਰਟਸ ਕਲੱਬ ਵਲੋਂ ਸ਼ਹੀਦ ਭਗਤ ਸਿੰਘ ਯਾਦਗਾਰੀ 29ਵਾਂ ਸਲਾਨਾ ਫੁਟਬਾਲ ਟੂਰਨਾਮੈਂਟ ਅੱਜ ਪਿੰਡ ਦੇ ਖੇਡ ਸਟੇਡੀਅਮ ਵਿੱਚ ਸ਼ੁਰੂ ਹੋਇਆ। ਤਿੰਨ ਰੋਜ਼ਾ ਇਸ ਟੂਰਨਾਮੈਂਟ ਦਾ ਉਦਘਾਟਨ ਪੁਸ਼ਪਿੰਦਰ ਕੁਮਾਰ ਬਿੰਟਾ ਨੇ ਕੀਤਾ। ਉਨ੍ਹਾਂ ਉਦਘਾਟਨੀ ਮੈਚ ਖੇਡਣ ਵਾਲੀਆਂ ਟੀਮਾਂ ਨਾਲ ਜਾਣ-ਪਛਾਣ ਕੀਤੀ।
ਉਦਘਾਟਨੀ ਮੈਚ ਬਰੌਲੀ ਤੇ ਫ਼ਤਹਿਪੁਰ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ। ਬਰੌਲੀ ਨੇ ਫ਼ਤਹਿਪੁਰ ਨੂੰ 2-0 ਨਾਲ ਹਰਾਇਆ। ਇਸੇ ਤਰ੍ਹਾਂ ਕੁੱਬਾਹੇੜੀ ਨੇ ਬਦਨਪੁਰ ਨੂੰ 4-0 ਨਾਲ, ਲੁਬਾਣਗੜ੍ਹ ਨੇ ਆਲਮਪੁਰ ਨੂੰ 1-0 ਨਾਲ, ਖਰੜ ਨੇ ਚਤਾਮਲੀ ਨੂੰ 1-0 ਨਾਲ, ਅਧਰੇੜਾ ਨੇ ਭਾਗੋਵਾਲ ਨੂੰ 3-0 ਨਾਲ ਹਰਾਇਆ। ਇੱਕ ਹੋਰ ਮੈਚ ਵਿੱਚ ਤਿਊੜ ਨੇ ਬਰਸਾਲਪੁਰ ਨੂੰ ਹਰਾ ਕੇ ਅਗਲੇ ਗੇੜ ਵਿੱਚ ਥਾਂ ਬਣਾਈ। ਹਰਚਰਨ ਸਿੰਘ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਅਗਲੇ ਗੇੜ ਦੇ ਮੈਚ ਖੇਡੇ ਜਾਣਗੇ। ਉਨ੍ਹਾਂ ਦੱਸਿਆ ਕਿ ਜੇਤੂ ਟੀਮ ਨੂੰ 51 ਹਜ਼ਾਰ ਤੇ ਉੱਪ ਜੇਤੂ ਨੂੰ 41 ਹਜ਼ਾਰ ਦੇ ਨਕਦ ਇਨਾਮ ਤੋਂ ਇਲਾਵਾ ਟਰਾਫ਼ੀਆਂ ਦੇ ਕੇ ਸਨਮਾਨਿਆ ਜਾਵੇਗਾ। ਇਸ ਤੋਂ ਇਲਾਵਾ ਅੰਤਿਮ ਦਿਨ ਅਥਲੈਟਿਕਸ ਮੁਕਾਬਲੇ ਵੀ ਹੋਣਗੇ। ਇਸ ਮੌਕੇ ਪਰਮਜੀਤ ਸਿੰਘ, ਰਵਿੰਦਰ ਸਿੰਘ ਰਵੀ, ਜਗਤਾਰ ਸਿੰਘ ਜੱਗਾ, ਧਰਮਪਾਲ ਰਾਣਾ ਅਤੇ ਅਵਤਾਰ ਸਿੰਘ ਹਾਜ਼ਰ ਸਨ।
