ਹੜ੍ਹ ਪੀੜਤਾਂ ਨੂੰ ਰਾਸ਼ਨ ਦੀ ਬਜਾਏ ਤਰਪਾਲਾਂ ਅਤੇ ਹੋਰ ਸਾਮਾਨ ਦੀ ਲੋੜ: ਬੁਟੇਰਲਾ
ਪੰਜਾਬ ਵਿੱਚ ਹੜ੍ਹਾਂ ਦੀ ਮਾਰ ਝੱਲ ਰਹੇ ਪੀੜਤ ਪਰਿਵਾਰਾਂ ਨੂੰ ਇਸ ਸਮੇਂ ਰਾਸ਼ਨ ਦੀ ਥਾਂ ਬਚਾਅ ਲਈ ਤਰਪਾਲਾਂ, ਮੱਖੀ-ਮੱਛਰਾਂ ਤੋਂ ਬਚਾਅ, ਕੱਪੜੇ, ਪਸ਼ੂਆਂ ਲਈ ਚਾਰੇ ਆਦਿ ਸਮੇਤ ਹੋਰ ਸਾਜੋ ਸਾਮਾਨ ਦੀ ਜ਼ਰੂਰਤ ਹੈ। ਚੰਡੀਗੜ੍ਹ ਨਗਰ ਨਿਗਮ ਦੇ ਕੌਂਸਲਰ ਅਤੇ ਦ ਚੰਡੀਗੜ੍ਹ ਕੋਆਪ੍ਰੇਟਿਵ ਬੈਂਕ ਦੇ ਡਾਇਰੈਕਟਰ ਹਰਦੀਪ ਸਿੰਘ ਬੁਟੇਰਲਾ ਨੇ ਸੁਲਤਾਨਪੁਰ ਲੋਧੀ, ਡੇਰਾ ਬਾਬਾ ਨਾਨਕ ਅਤੇ ਜ਼ਿਲ੍ਹਾ ਤਰਨ ਤਾਰਨ ਦੇ ਕਈ ਖੇਤਰਾਂ ਵਿੱਚ ਰਾਸ਼ਨ ਕਿੱਟਾਂ ਅਤੇ ਪਾਣੀ ਆਦਿ ਵੰਡ ਕੇ ਵਾਪਿਸ ਪਰਤਣ ਉਪਰੰਤ ਇਹ ਜਾਣਕਾਰੀ ਦਿੱਤੀ।
ਕੌਂਸਲਰ ਹਰਦੀਪ ਸਿੰਘ ਬੁਟੇਰਲਾ ਨੇ ਜ਼ਿਲ੍ਹਾ ਤਰਨ ਤਾਰਨ ਇਲਾਕੇ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਖੇਤਰ ਦੇ ਲੋਕਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਉਥੇ 1800 ਏਕੜ ਵਿੱਚੋਂ ਕਰੀਬ 1200 ਏਕੜ ਜ਼ਮੀਨ ਹੜ੍ਹ ਦੇ ਪਾਣ ਕਰਕੇ ਬੁਰੀ ਤਰ੍ਹਾਂ ਤਬਾਹ ਹੋ ਚੁੱਕੀ ਹੈ। ਬੁਟੇਰਲਾ ਨੇ ਦੱਸਿਆ ਕਿ ਉਥੋਂ ਦੇ ਲੋਕਾਂ ਨਾਲ ਗੱਲਬਾਤ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਸਾਨੂੰ ਹੜ੍ਹਾਂ ਦੇ ਇਸ ਮੁਸ਼ਕਿਲ ਦੌਰ ਵਿੱਚ ਆਪਣੇ ਹੜ੍ਹ ਪ੍ਰਭਾਵਿਤ ਲੋਕਾਂ ਦੇ ਨਾਲ ਤਾਂ ਖੜ੍ਹਨਾ ਪੈ ਹੀ ਰਿਹਾ ਹੈ ਪ੍ਰੰਤੂ ਹੜ੍ਹ ਖ਼ਤਮ ਹੋਣ ਉਪਰੰਤ ਵੀ ਸਾਨੂੰ ਮੱਦਦ ਲਈ ਤਿਆਰ-ਬਰ-ਤਿਆਰ ਰਹਿਣ ਪਵੇਗਾ ਕਿਉਂਕਿ ਹੜ੍ਹਾਂ ਨਾਲ ਲੋਕਾਂ ਦੇ ਹੋਏ ਨੁਕਸਾਨ ਅਤੇ ਤਬਾਹੀ ਦੀ ਅਸਲ ਤਸਵੀਰ ਤਾਂ ਹੜ੍ਹ ਰੁਕਣ ਤੋਂ ਬਾਅਦ ਹੀ ਪਤਾ ਚੱਲ ਸਕੇਗੀ।