ਹੜ੍ਹ ਪੀੜਤਾਂ ਨੂੰ ਹਾਲੇ ਢੁੱਕਵੀ ਰਾਹਤ ਨਹੀਂ ਮਿਲੀ: ਅਮਿਤੋਜ ਮਾਨ
ਹੜ੍ਹ ਦੀ ਮਾਰ ਹੇਠ ਆਏ ਪਿੰਡ ਸ਼ਾਹਪੁਰ ਬੇਲਾ ਦੇ ਕਿਸਾਨਾਂ ਨੂੰ ਮਿਲਣ ਲਈ ਅੱਜ ‘ਪੰਜਾਬ ਵਹਿਣ’ ਟੀਮ ਦੇ ਆਗੂ ਅਮਿਤੋਜ ਮਾਨ, ਗੌਰਵ ਰਾਣਾ ਅਤੇ ਭਗਵੰਤ ਸਿੰਘ ਮਟੌਰ ਤੇ ਵੱਖ ਵੱਖ ਆਗੂ ਪਹੁੰਚੇ। ਗੱਲਬਾਤ ਕਰਦਿਆਂ ਅਮਿਤੋਜ ਸਿੰਘ ਮਾਨ ਨੇ ਕਿਹਾ ਪੰਜਾਬ ਵਿੱਚ ਆਏ ਹੜ੍ਹਾਂ ਨਾਲ ਬਰਬਾਦ ਹੋਈਆਂ ਲੱਖਾਂ ਏਕੜ ਜ਼ਮੀਨਾਂ ਤੇ ਆਮ ਲੋਕਾਂ ਨੂੰ ਸਰਕਾਰ ਅਜੇ ਤੱਕ ਢੁੱਕਵੀਂ ਰਾਹਤ ਨਹੀਂ ਦੇ ਸਕੀ। ਜੇ ਸੂਬਾ ਸਰਕਾਰ ਰਾਹਤ ਲਈ ਰਿਜ਼ਰਵ ਰੱਖੇ ਗਏ 12 ਹਜ਼ਾਰ ਕਰੋੜ ਵਿੱਚੋਂ ਸਿਰਫ਼ 2500 ਕਰੋੜ ਰੁਪਏ ਹੀ ਵੰਡ ਦੇਵੇ ਤਾਂ ਪੰਜ ਲੱਖ ਏਕੜ ਜ਼ਮੀਨ ਦੇ ਮਾਲਕ ਕਿਸਾਨਾਂ ਤੇ ਪੀੜਤ ਪਰਿਵਾਰਾਂ ਦੇ ਹੰਜੂ ਪੂੰਝੇ ਜਾ ਸਕਦੇ ਹਨ। ਦੂਜੇ ਪਾਸੇ ਕੇਂਦਰ ਸਰਕਾਰ ਤੇ ਹਮਲਾ ਬੋਲਦਿਆਂ ਮਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਵੱਲੋਂ ਪੰਜਾਬ ਨਾਲ ਕੋਝਾ ਮਜਾਕ ਕੀਤਾ ਗਿਆ ਹੈ। 1600 ਕਰੋੜ ਰੁਪਏ ਦਾ ਮੁਆਵਜ਼ਾ ਪੰਜਾਬ ਦੇ ਹਾਲਾਤਾਂ ਦਾ ਮਜ਼ਾਕ ਉਡਾਉਣ ਤੋਂ ਵੱਧ ਕੁਝ ਨਹੀਂ। ਪੰਜਾਬ ਮੋਰਚਾ ਦੇ ਕਨਵੀਨਰ ਗੌਰਵ ਰਾਣਾ, ਭਗਵੰਤ ਸਿੰਘ ਮਟੌਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਬੀਬੀਐਮਬੀ ਦੀਆਂ ਗਲਤ ਨੀਤੀਆਂ ਦਾ ਪੰਜਾਬ ਖਮਿਆਜਾ ਭੁਗਤ ਰਿਹਾ ਹੈ। ਰੂਪਨਗਰ ਜ਼ਿਲ੍ਹੇ ਵਿੱਚ ਮਾਈਨਿੰਗ ਸਾਈਟਾਂ ਨੂੰ ਮਨਜ਼ੂਰੀ ਨਹੀਂ ਪਰ ਰੋਜ਼ਾਨਾ ਹਜ਼ਾਰਾਂ ਟਿੱਪਰ ਸੂਬੇ ਤੋਂ ਬਾਹਰ ਮਾਈਨਿੰਗ ਮਟੀਰੀਅਲ ਲੈ ਕੇ ਜਾ ਰਹੇ ਹਨ। ਸਥਾਨਕ ਲੋਕਾਂ ਦੇ ਮੁਤਾਬਕ ਇਸ ਨਾਲ ਕੁਦਰਤੀ ਸੰਤੁਲਨ ਤੇ ਭੂਗੋਲਿਕਤਾ ਨੂੰ ਵੱਡਾ ਘਾਟਾ ਪੈ ਰਿਹਾ ਹੈ।