ਪ੍ਰਧਾਨ ਮੰਤਰੀ ਵੱਲੋਂ ਦਿੱਤਾ ਹੜ੍ਹ ਰਾਹਤ ਫੰਡ ਪੰਜਾਬ ਨਾਲ ਵੱਡਾ ਵਿਤਕਰਾ: ਜੀਤੀ ਪਡਿਆਲਾ
ਜ਼ਿਲ੍ਹਾ ਕਾਂਗਰਸ ਕਮੇਟੀ ਮੁਹਾਲੀ ਦੇ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ ਨੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਪੰਜਾਬ ਦੇ ਹੜ੍ਹ ਪੀੜਤਾਂ ਲਈ ਐਲਾਨੀ ਗਈ ਰਾਹਤ ਰਾਸ਼ੀ ਨੂੰ ਨਾਂਮਾਤਰ ਦੱਸਦਿਆਂ ਇਸ ਨੂੰ ਪੰਜਾਬ ਨਾਲ ਵਿਤਕਰਾ ਦੱਸਿਆ ਹੈ।
ਜੀਤੀ ਪਡਿਆਲਾ ਨੇ ਇਸ ਸਬੰਧੀ ਕਿਹਾ ਕਿ ਪਿਛਲੇ ਕੁਝ ਹਫ਼ਤਿਆਂ ਦੌਰਾਨ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਆਏ ਹੜ੍ਹਾਂ ਨੇ ਵੱਡੀ ਤਬਾਹੀ ਕੀਤੀ ਹੈ। ਕਿਸਾਨਾਂ ਦੀਆਂ ਫਸਲਾਂ ਪਾਣੀ ਹੇਠਾਂ ਆ ਗਈਆਂ ਹਨ, ਘਰ ਡਿੱਗ ਗਏ ਹਨ, ਪਸ਼ੂ ਮਾਰੇ ਗਏ ਹਨ ਅਤੇ ਗਰੀਬ ਪਰਿਵਾਰ ਬੇਸਹਾਰਾ ਹੋ ਚੁੱਕੇ ਹਨ। ਇਸ ਗੰਭੀਰ ਸਥਿਤੀ ਵਿੱਚ ਕੇਂਦਰ ਸਰਕਾਰ ਵੱਲੋਂ ਦਿੱਤਾ ਗਿਆ ਸਹਾਇਤਾ ਪੈਕੇਜ ਪੰਜਾਬ ਨਾਲ ਮਜ਼ਾਕ ਦੇ ਬਰਾਬਰ ਹੈ। ਰਣਜੀਤ ਸਿੰਘ ਜੀਤੀ ਪਡਿਆਲਾ ਨੇ ਕਿਹਾ ਕਿ ਇਹ ਪੰਜਾਬ ਦੇ ਲੋਕਾਂ ਨਾਲ ਭੇਦਭਾਵ ਵਾਲਾ ਰਵੱਈਆ ਹੈ। ਜੀਤੀ ਪਡਿਆਲਾ ਨੇ ਮੰਗ ਕੀਤੀ ਕਿ ਕੇਂਦਰ ਸਰਕਾਰ ਤੁਰੰਤ ਪੰਜਾਬ ਲਈ ਵਿਸ਼ੇਸ਼ ਰਾਹਤ ਪੈਕੇਜ ਦਾ ਐਲਾਨ ਕਰੇ ਤਾਂ ਜੋ ਹੜ੍ਹਾਂ ਵਿੱਚ ਸਭ ਕੁਝ ਗੁਆਉਣ ਵਾਲੇ ਲੋਕਾਂ ਦਾ ਜੀਵਨ ਮੁੜ ਲੀਹ ’ਤੇ ਆ ਸਕੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਦੇ ਕਰਜ਼ੇ ਮਾਫ਼ ਕਰਨ, ਤਬਾਹ ਹੋਈਆਂ ਫਸਲਾਂ ਦੀ ਮੁਆਵਜ਼ਾ ਰਾਸ਼ੀ ਦੇਣ, ਬੇਘਰ ਹੋਏ ਪਰਿਵਾਰਾਂ ਲਈ ਘਰ ਬਣਾਉਣ ਅਤੇ ਛੋਟੇ ਵਪਾਰੀਆਂ ਦੇ ਨੁਕਸਾਨ ਦੀ ਭਰਪਾਈ ਕਰਨ ਲਈ ਵੱਡੇ ਪੱਧਰ ’ਤੇ ਰਕਮ ਜਾਰੀ ਕਰੇ।