ਸੁਖਨਾ ’ਚ ਪਾਣੀ ਦਾ ਪੱਧਰ ਵਧਿਆ; ਫਲੱਡ ਗੇਟ ਖੋਲ੍ਹਿਆ
ਚੰਡੀਗੜ੍ਹ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਅੱਜ ਤੜਕੇ ਤੋਂ ਬਾਅਦ ਦੁਪਹਿਰ ਤਕ ਕਈ ਵਾਰ ਮੀਂਹ ਪਿਆ। ਇਸ ਕਰਕੇ ਸੁਖਨਾ ਝੀਲ ਵਿੱਚ ਪਾਣੀ ਖਤਰੇ ਦੇ ਨਿਸ਼ਾਨ 1163 ਫੁੱਟ ’ਤੇ ਪਹੁੰਚ ਗਿਆ। ਸੁਖਨਾ ਝੀਲ ਵਿੱਚ ਪਾਣੀ ਵਧਣ ਕਰਕੇ ਯੂਟੀ ਪ੍ਰਸ਼ਾਸਨ ਨੇ ਅੱਜ ਦੁਪਹਿਰੇ 2.45 ਵਜੇ ਦੇ ਕਰੀਬ ਸੁਖਨਾ ਝੀਲ ਦਾ ਫਲੱਡ ਗੇਟ ਖੋਲ੍ਹ ਦਿੱਤਾ ਗਿਆ। ਇਸ ਸੀਜ਼ਨ ਵਿੱਚ ਚੌਥੀ ਵਾਰ ਗੇਟ ਖੋਲ੍ਹੇ ਗਏ ਹਨ। ਇਸ ਦੌਰਾਨ ਯੂਟੀ ਪ੍ਰਸ਼ਾਸਨ ਨੇ ਸੁਖਨਾ ਝੀਲ ਦੇ ਰੈਗੂਲੇਟਰੀ ਐਂਡ ’ਤੇ ਸਥਿਤ ਤਿੰਨ ਫਲੱਡ ਗੇਟਾਂ ਵਿੱਚੋਂ ਇਕ ਫਲੱਡ ਗੇਟ ਨੂੰ ਸਿਰਫ਼ 6 ਇੰਚ ਲਈ ਖੋਲ੍ਹਿਆ ਸੀ, ਜਿਸ ਨੂੰ ਦੇਰ ਰਾਤ ਸਾਢੇ ਦਸ ਵਜੇ ਬੰਦ ਕਰ ਦਿੱਤਾ ਗਿਆ। ਸੁਖਨਾ ਝੀਲ ਵਿੱਚ ਫਲੱਡ ਗੇਟ ਬੰਦ ਕਰਨ ਸਮੇਂ ਪਾਣੀ ਦਾ ਪੱਧਰ 1162 ਫੁੱਟ ’ਤੇ ਪਹੁੰਚ ਗਿਆ ਸੀ।
ਜਾਣਕਾਰੀ ਅਨੁਸਾਰ ਯੂਟੀ ਪ੍ਰਸ਼ਾਸਨ ਵੱਲੋਂ 24 ਘੰਟੇ ਫਲੱਡ ਗੇਟਾਂ ’ਤੇ ਨਜ਼ਰ ਰੱਖੀ ਜਾ ਰਹੀ ਹੈ। ਅੱਜ ਸਵੇਰ ਤੋਂ ਹੀ ਪਾਣੀ ਦਾ ਪੱਧਰ ਵੱਧਦਾ ਦੇਖਦੇ ਹੋਏ ਪ੍ਰਸ਼ਾਸਨ ਨੇ ਦੁਪਹਿਰ ਢਾਈ ਵਜੇ ਪਹਿਲਾਂ ਲੋਕਾਂ ਨੂੰ ਸੂਚੇਤ ਕਰਨ ਲਈ ਸਾਇਰਨ ਵਜਾਏ ਜਿਸ ਤੋਂ ਬਾਅਦ ਫਲੱਡ ਗੇਟ ਖੋਲ੍ਹਿਆ ਗਿਆ। ਯੂਟੀ ਪ੍ਰਸ਼ਾਸਨ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ 24 ਘੰਟੇ ਫਲੱਡ ਗੇਟਾਂ ’ਤੇ ਨਜ਼ਰ ਰੱਖੀ ਜਾ ਰਹੀ ਹੈ। ਜੇਕਰ ਮੁੜ ਤੋਂ ਝੀਲ ਵਿੱਚ ਪਾਣੀ ਵਧਦਾ ਹੈ ਤਾਂ ਮੁੜ ਤੋਂ ਸੁਖਨਾ ਝੀਲ ਦੇ ਫਲੱਡ ਗੇਟ ਖੋਲ੍ਹੇ ਜਾਣਗੇ। ਜ਼ਿਕਰਯੋਗ ਹੈ ਕਿ ਇਸ ਸੀਜ਼ਨ ਵਿੱਚ ਪਹਿਲਾਂ ਤਿੰਨ ਵਾਰ ਪਾਣੀ ਦਾ ਪੱਧਰ ਵੱਧਣ ਕਰਕੇ ਸੁਖਨਾ ਝੀਲ ਦੇ ਫਲੱਡ ਗੇਟ ਖੋਲ੍ਹੇ ਗਏ ਹਨ।
ਚੰਡੀਗੜ੍ਹ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਅੱਜ ਐਤਵਾਰ ਨੂੰ ਤੜਕੇ ਤੋਂ ਮੀਂਹ ਪੈ ਰਿਹਾ ਸੀ, ਜੋ ਕਿ ਦੁਪਹਿਰ ਤੱਕ ਲਗਾਤਾਰ ਪੈਂਦਾ ਰਿਹਾ ਹੈ। ਇਸ ਦੌਰਾਨ ਚੰਡੀਗੜ੍ਹ ਦੀਆਂ ਸੜਕਾਂ ’ਤੇ ਕਈ ਥਾਵਾਂ ’ਤੇ ਪਾਣੀ ਖੜ੍ਹਾ ਹੋ ਗਿਆ, ਜਿਸ ਕਰਕੇ ਰਾਹਗੀਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ। ਇਸ ਦੇ ਨਾਲ ਹੀ ਚੰਡੀਗੜ੍ਹ ਦੇ ਲੋਕਾਂ ਨੇ ਗਰਮੀ ਤੋਂ ਰਾਹਤ ਮਹਿਸੂਸ ਕੀਤੀ ਹੈ। ਅੱਜ ਸਵੇਰ ਤੋਂ ਮੀਂਹ ਪੈਣ ਕਰਕੇ ਚੰਡੀਗੜ੍ਹ ਦੇ ਤਾਪਮਾਨ ਵਿੱਚ 4.1 ਡਿਗਰੀ ਸੈਲਸੀਅਸ ਤੱਕ ਦੀ ਗਿਰਾਵਟ ਦਰਜ ਕੀਤੀ ਗਈ ਹੈ। ਅੱਜ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 28.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਆਮ ਨਾਲੋਂ 4.1 ਡਿਗਰੀ ਸੈਲਸੀਅਸ ਘੱਟ ਸੀ। ਇਸੇ ਤਰ੍ਹਾਂ ਘੱਟ ਤੋਂ ਘੱਟ ਤਾਪਮਾਨ 26.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਗਿਆਨੀਆਂ ਅਨੁਸਾਰ ਅੱਜ ਚੰਡੀਗੜ੍ਹ ਵਿੱਚ 2.4 ਐੱਮਐੱਮ ਮੀਂਹ ਪਿਆ। ਮੌਸਮ ਵਿਗਿਆਨੀਆਂ ਨੇ ਚੰਡੀਗੜ੍ਹ ਵਿੱਚ ਅਗਲੇ ਤਿੰਨ ਦਿਨ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਇਸ ਲਈ ਮੌਸਮ ਵਿਭਾਗ ਨੇ 18 ਤੇ 19 ਅਗਸਤ ਲਈ ਯੈਲੋ ਅਲਰਟ ਵੀ ਜਾਰੀ ਕਰ ਦਿੱਤਾ ਹੈ।
ਰੌਕ ਗਾਰਡਨ ਵਿੱਚ ਦਰੱਖਤ ਡਿੱਗਿਆ; ਨੁਕਸਾਨ ਤੋਂ ਬਚਾਅ
ਚੰਡੀਗੜ੍ਹ ਵਿੱਚ ਅੱਜ ਸਵੇਰ ਤੋਂ ਪੈ ਰਹੇ ਮੀਂਹ ਕਰਕੇ ਸ਼ਹਿਰ ਵਿੱਚ ਮੌਸਮ ਖੁਸ਼ਗਵਾਰ ਹੋ ਗਿਆ। ਇਸ ਦੌਰਾਨ ਸੁਖਨਾ ਝੀਲ ਤੇ ਰੌਕ ਗਾਰਡਨ ’ਤੇ ਘੁੰਮਣ ਵਾਲਿਆਂ ਦੀ ਭੀੜ ਲੱਗੀ ਰਹੀ। ਇਸੇ ਦੌਰਾਨ ਦੁਪਹਿਰ ਸਮੇਂ ਰੌਕ ਗਾਰਡਨ ਵਿੱਚ ਇਕ ਪੁਰਾਣਾ ਦਰੱਖਤ ਡਿੱਗ ਗਿਆ। ਦਰੱਖਤ ਡਿੱਗਣ ਨਾਲ ਰੌਕ ਗਾਰਡਨ ਘੁੰਮਣ ਆਏ ਲੋਕ ਸਹਿਮ ਗਏ। ਹਾਲਾਂਕਿ ਦਰੱਖਤ ਡਿੱਗਣ ਕਰਕੇ ਕਿਸੇ ਦੇ ਸੱਟ ਲੱਗਣ ਤੋਂ ਬਚਾਅ ਹੋ ਗਿਆ। ਦਰੱਖਤ ਡਿੱਗਣ ਦੀ ਜਾਣਕਾਰੀ ਮਿਲਦੇ ਹੀ ਰੌਕ ਗਾਰਡਨ ਵਿਖੇ ਤਾਇਨਾਤ ਅਧਿਕਾਰੀਆਂ ਨੇ ਲੋਕਾਂ ਨੂੰ ਦਰੱਖਤ ਤੋਂ ਦੂਰ ਕਰ ਦਿੱਤਾ। ਇਹ ਦਰੱਖਤ ਕਾਫੀ ਪੁਰਾਣਾ ਸੀ, ਜਿਸ ਦੀਆਂ ਜੜ੍ਹਾਂ ਖੋਖਲੀਆਂ ਹੋ ਚੁੱਕੀਆਂ ਸਨ। ਰੌਕ ਗਾਰਡਨ ਘੁੰਮਣ ਆਏ ਲੋਕਾਂ ਨੇ ਪ੍ਰਸ਼ਾਸਨ ਤੋਂ ਅਜਿਹੇ ਖੋਖਲੇ ਦਰੱਖਤਾਂ ਨੂੰ ਹਟਾਉਣ ਦੀ ਮੰਗ ਕੀਤੀ ਹੈ।
ਸਾਰਾ ਦਿਨ ਮੀਂਹ ਪੈਣ ਕਾਰਨ ਜਨ-ਜੀਵਨ ਪ੍ਰਭਾਵਿਤ
ਪੰਚਕੂਲਾ (ਪੀ.ਪੀ. ਵਰਮਾ): ਪੰਚਕੂਲਾ ਵਿੱਚ ਅੱਜ ਸਾਰਾ ਦਿਨ ਮੀਂਹ ਪਿਆ ਜਿਸ ਕਾਰਨ ਸ਼ਹਿਰ ਦੀ ਰੌਣਕ ਘੱਟ ਗਈ। ਸ਼ਹਿਰ ਦਾ ਜਨ-ਜੀਵਨ ਆਮ ਵਾਂਗ ਨਹੀਂ ਚੱਲਿਆ। ਘੱਗਰ ਨਦੀ ਅਤੇ ਕੌਸ਼ੱਲਿਆ ਡੈਮ ਦਾ ਪਾਣੀ ਖਤਰੇ ਦੇ ਨਿਸ਼ਾਨ ਤੱਕ ਪਹੁੰਚ ਗਿਆ। ਸ਼ਹਿਰ ਦੇ ਚੌਕਾਂ ਚੌਰਾਹਿਆਂ ਉੱਤੇ ਬਾਅਦ ਦੁਪਹਿਰ ਤੱਕ ਪਾਣੀ ਖੜ੍ਹਾ ਰਿਹਾ। ਕਈ ਹਾਊਸਿੰਗ ਸੁਸਾਇਟੀਆਂ ਵਿੱਚ ਭਾਰੀ ਬਰਸਾਤ ਕਾਰਨ ਸੀਵਰੇਜ ਦਾ ਪਾਣੀ ਵੀ ਓਵਰਫਲੋਅ ਹੋ ਗਿਆ। ਸੈਕਟਰ-19, 20 ਦੀਆਂ ਸੜਕਾਂ ’ਤੇ ਪਾਣੀ ਨਹਿਰਾਂ ਵਾਂਗ ਵਗਿਆ। ਮੀਂਹ ਕਾਰਨ ਅਤੇ ਐਤਵਾਰ ਦਾ ਦਿਨ ਹੋਣ ਕਾਰਨ ਲੋਕਾਂ ਨੇ ਖਰੀਦੋ ਫਰੋਖਤ ਬਹੁਤ ਘੱਟ ਕੀਤੀ। ਮਾਰਕੀਟਾਂ ਬੇਰੌਣਕੀਆਂ ਰਹੀਆਂ। ਮੌਸਮ ਵਿਭਾਗ ਅਨੁਸਾਰ ਅਗਲੇ ਦਿਨਾਂ ਵਿਚ ਹੋਰ ਵੀ ਮੀਂਹ ਪੈਣ ਦੀ ਸੰਭਾਵਨਾ ਹੈ।