ਸੈਕਟਰ-54 ਦੀ ਆਦਰਸ਼ ਕਲੋਨੀ ਦੇ ਪੰਜ ਹਜ਼ਾਰ ਬਾਸ਼ਿੰਦੇ ‘ਬੇਘਰ’
ਆਤਿਸ਼ ਗੁਪਤਾ
ਚੰਡੀਗੜ੍ਹ, 19 ਜੂਨ
ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਸ਼ਹਿਰ ਨੂੰ ਝੁੱਗੀ-ਝੌਂਪੜੀਆਂ ਤੋਂ ਮੁਕਤ ਕਰਨ ਲਈ ਸ਼ੁਰੂ ਕੀਤੀ ਮੁਹਿੰਮ ਤਹਿਤ ਅੱਜ ਸਵੇਰੇ ਸੈਕਟਰ-54 ਸਥਿਤ ਆਦਰਸ਼ ਕਲੋਨੀ ’ਤੇ ਬੁਲਡੋਜ਼ਰ ਚਲਾ ਦਿੱਤਾ ਗਿਆ। ਇਸ ਦੌਰਾਨ ਪ੍ਰਸ਼ਾਸਨ ਨੇ ਦਰਜਨਾਂ ਦੀ ਗਿਣਤੀ ਵਿੱਚ ਬੁਲਡੋਜ਼ਰਾਂ ਦੀ ਵਰਤੋਂ ਕਰਦਿਆਂ ਦੋ ਤੋਂ ਤਿੰਨ ਘੰਟਿਆਂ ਵਿੱਚ ਹੀ 12 ਏਕੜ ਜ਼ਮੀਨ ’ਤੇ ਫੈਲੀ ਆਦਰਸ਼ ਕਲੋਨੀ ਨੂੰ ਢਾਹ ਦਿੱਤਾ। ਇਸ ਦੌਰਾਨ ਆਦਰਸ਼ ਕਲੋਨੀ ਵਿੱਚ ਰਹਿਣ ਵਾਲੇ ਲੋਕਾਂ ਵੱਲੋਂ ਪ੍ਰਸ਼ਾਸਨ ਦੀ ਟੀਮ ਦਾ ਵਿਰੋਧ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਪੁਲੀਸ ਨੇ ਲੋਕਾਂ ਨੂੰ ਪਾਸੇ ਕੀਤਾ ਅਤੇ ਬੁਲਡੋਜ਼ਰ ਚਲਾ ਦਿੱਤਾ ਗਿਆ। ਪ੍ਰਸ਼ਾਸਨ ਦੀ ਇਸ ਕਾਰਵਾਈ ਨਾਲ ਹੀ ਇਕ ਹਜ਼ਾਰ ਦੇ ਕਰੀਬ ਝੁੱਗੀਆਂ ਵਿੱਚ ਰਹਿੰਦੇ ਪੰਜ ਹਜ਼ਾਰ ਤੋਂ ਵੱਧ ਲੋਕ ਬੇਘਰ ਹੋ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਸੈਕਟਰ-54 ਵਿਖੇ ਸਥਿਤ ਆਦਰਸ਼ ਕਲੋਨੀ ਸ਼ਹਿਰ ਦੀ ਸਭ ਤੋਂ ਵੱਡੀ ਝੁੱਗੀ-ਝੌਂਪੜੀਆਂ ਵਾਲੀ ਕਲੋਨੀ ਹੈ, ਜੋ ਕਿ 12 ਏਕੜ ਵਿੱਚ ਫੈਲੀ ਹੋਈ ਹੈ। ਇੱਥੇ ਇਕ ਹਜ਼ਾਰ ਦੇ ਕਰੀਬ ਝੁੱਗੀਆਂ ਹਨ, ਜਿਸ ਵਿੱਚ ਪੰਜ ਹਜ਼ਾਰ ਤੋਂ ਵੱਧ ਲੋਕ ਰਹਿੰਦੇ ਹਨ। ਯੂਟੀ ਪ੍ਰਸ਼ਾਸਨ ਨੇ ਇਸ ਜ਼ਮੀਨ ਨੂੰ ਸਰਕਾਰੀ ਜ਼ਮੀਨ ਕਰਾਰਦੇ ਹੋਏ ਲੋਕਾਂ ਨੂੰ ਕਲੋਨੀ ਖਾਲੀ ਕਰਨ ਦੇ ਹੁਕਮ ਦਿੱਤੇ ਸਨ। ਪਹਿਲਾਂ ਪ੍ਰਸ਼ਾਸਨ ਨੇ ਆਦਰਸ਼ ਕਲੋਨੀ ਵਿੱਚ ਰਹਿਣ ਵਾਲਿਆਂ ਨੂੰ ਨੋਟਿਸ ਜਾਰੀ ਕੀਤੇ। ਇਨ੍ਹਾਂ ਨੋਟਿਸਾਂ ਨੂੰ ਲੋਕ ਪਿਛਲੇ ਲੰਬੇ ਸਮੇਂ ਤੋਂ ਨਜ਼ਰਅੰਦਾਜ਼ ਕਰਦੇ ਆ ਰਹੇ ਸਨ। ਪ੍ਰਸ਼ਾਸਨ ਨੇ ਇਕ ਹਫ਼ਤਾ ਪਹਿਲਾਂ ਵੀ ਲੋਕਾਂ ਨੂੰ ਕਲੋਨੀ ਖਾਲੀ ਕਰਨ ਦੇ ਹੁਕਮ ਦਿੱਤੇ ਸਨ, ਪਰ ਲੋਕਾਂ ਨੇ ਕਲੋਨੀ ਖਾਲੀ ਨਹੀਂ ਕੀਤੀ। ਇਸ ਤੋਂ ਬਾਅਦ ਅੱਜ ਪ੍ਰਸ਼ਾਸਨ ਦੀ ਟੀਮ ਸਵੇਰੇ ਵੱਡੀ ਗਿਣਤੀ ਪੁਲੀਸ ਮੁਲਾਜ਼ਮਾਂ ਤੇ ਬੁਲਡੋਜ਼ਰਾਂ ਨਾਲ ਆਦਰਸ਼ ਕਲੋਨੀ ਵਿੱਚ ਪਹੁੰਚ ਗਈ। ਪ੍ਰਸ਼ਾਸਨ ਨੇ ਕੁਝ ਹੀ ਘੰਟਿਆਂ ਵਿੱਚ ਝੁੱਗੀਆਂ ਨੂੰ ਢਾਹ ਕੇ 12 ਏਕੜ ਜ਼ਮੀਨ ਨੂੰ ਖਾਲੀ ਕਰਵਾ ਲਿਆ ਹੈ। ਇਸ ਦੌਰਾਨ ਉੱਥੇ ਅੱਗ ਲੱਗ ਗਈ, ਹਾਲਾਂਕਿ ਇਸ ਦੌਰਾਨ ਕਿਸੇ ਕਿਸਮ ਦੇ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਹਿ ਗਿਆ ਹੈ। ਆਦਰਸ਼ ਕਲੋਨੀ ਵਿੱਚ ਰਹਿਣ ਵਾਲੇ ਲੋਕਾਂ ਵੱਲੋਂ ਪ੍ਰਸ਼ਾਸਨ ’ਤੇ ਧੱਕੇਸ਼ਾਹੀ ਦੇ ਦੋਸ਼ ਲਗਾਏ ਗਏ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਆਦਰਸ਼ ਕਲੋਨੀ ਵਿੱਚ ਰਹਿ ਰਹੇ ਹਨ। ਇਸ ਦੇ ਬਾਵਜੂਦ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਬੇਘਰ ਕਰ ਦਿੱਤਾ ਹੈ।
ਮੋਦੀ ਸਰਕਾਰ ਗਰੀਬਾਂ ਨੂੰ ਉਜਾੜਨ ਤੋਂ ਪਹਿਲਾਂ ਘਰ ਦੇਵੇ: ਲੱਕੀ
ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਐੱਚਐੱਸ ਲੱਕੀ ਨੇ ਯੂਟੀ ਪ੍ਰਸ਼ਾਸਨ ਵੱਲੋਂ ਸੈਕਟਰ-54 ਵਿਚ ਸਥਿਤ ਆਦਰਸ਼ ਕਲੋਨੀ ਵਿੱਚ ਇਕ ਹਜ਼ਾਰ ਦੇ ਕਰੀਬ ਝੁੱਗੀਆਂ ਨੂੰ ਢਾਹੁਣ ’ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਦਾਅਵਾ ਕਰ ਰਹੀ ਹੈ ਕਿ ਉਨ੍ਹਾਂ ਵੱਲੋਂ ਗਰੀਬਾਂ ਨੂੰ ਘਰ ਦਿੱਤੇ ਜਾ ਰਹੇ ਹਨ, ਪਰ ਚੰਡੀਗੜ੍ਹ ਵਿੱਚ ਇਕ ਤੋਂ ਬਾਅਦ ਇਕ ਕਰਕੇ ਕਲੋਨੀਆਂ ਨੂੰ ਢਾਹਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਸ਼ਹਿਰ ਨੂੰ ਝੁੱਗੀ ਝੌਂਪੜੀਆਂ ਤੋਂ ਮੁਕਤ ਕਰਨ ਤੋਂ ਪਹਿਲਾਂ ਝੁੱਗੀ-ਝੌਂਪੜੀਆਂ ਵਿੱਚ ਰਹਿੰਦੇ ਲੋਕਾਂ ਨੂੰ ਘਰ ਮੁਹੱਈਆ ਕਰਵਾਉਣੇ ਚਾਹੀਦੇ ਹਨ।
ਪ੍ਰਸ਼ਾਸਨ ਨੇ ਸ਼ਾਹਪੁਰ ਕਲੋਨੀ ਨੂੰ ਢਾਹੁਣ ਦੀ ਤਿਆਰੀ ਖਿੱਚੀ
ਯੂਟੀ ਪ੍ਰਸ਼ਾਸਨ ਵੱਲੋਂ ਸ਼ਹਿਰ ਨੂੰ ਝੁੱਗੀ-ਝੌਂਪੜੀ ਤੋਂ ਮੁਕਤ ਕਰਨ ਲਈ ਕਾਰਵਾਈ ਕੀਤੀ ਜਾ ਰਹੀ ਹੈ। ਇਸ ਤੋਂ ਬਾਅਦ ਸ਼ਹਿਰ ਵਿੱਚ ਸਿਰਫ਼ ਸ਼ਾਹਪੁਰ ਕਲੋਨੀ ਰਹਿ ਗਈ ਹੈ, ਜਿੱਥੇ ਸੈਂਕੜੇ ਝੁੱਗੀ-ਝੌਂਪੜੀਆਂ ਬਣੀਆਂ ਹੋਈਆਂ ਹਨ। ਪ੍ਰਸ਼ਾਸਨ ਨੇ ਅੱਜ ਦੀ ਕਾਰਵਾਈ ਤੋਂ ਬਾਅਦ ਸ਼ਾਹਪੁਰ ਕਲੋਨੀ ’ਤੇ ਕਾਰਵਾਈ ਕਰਨ ਦੀ ਤਿਆਰੀ ਖਿੱਚ ਲਈ ਹੈ। ਉੱਥੇ ਵੀ ਕਈ ਏਕੜ ਜ਼ਮੀਨ ’ਤੇ ਹਜ਼ਾਰਾਂ ਲੋਕਾਂ ਵੱਲੋਂ ਝੁੱਗੀ-ਝੌਂਪੜੀਆਂ ਉਸਾਰੀਆਂ ਗਈਆਂ ਹਨ।
20 ਸਾਲਾਂ ਵਿੱਚ ਕਈ ਕਲੋਨੀਆਂ ਨੂੰ ਢਾਹਿਆ
ਯੂਟੀ ਪ੍ਰਸ਼ਾਸਨ ਨੇ ਪਿਛਲੇ 20 ਸਾਲਾਂ ਵਿੱਚ ਕਲੋਨੀ ਨੰਬਰ-4, 5, ਮਜ਼ਦੂਰ ਕਲੋਨੀ, ਕੁਲਦੀਪ ਕਲੋਨੀ, ਪੰਡਤ ਕਲੋਨੀ, ਨਹਿਰੂ ਕਲੋਨੀ, ਅੰਬੇਡਕਰ ਕਲੋਨੀ, ਕਜਹੇੜੀ ਕਲੋਨੀ ਅਤੇ ਮਦਰਾਸੀ ਕਲੋਨੀ ਨੂੰ ਢਾਹ ਦਿੱਤਾ ਹੈ। ਇਸ ਤੋਂ ਬਾਅਦ 1 ਮਈ 2022 ਨੂੰ ਕਲੋਨੀ ਨੰਬਰ 4 ਵਿੱਚੋਂ 65 ਏਕੜ ਜ਼ਮੀਨ ’ਤੇ ਵਸੀਆਂ ਝੁੱਗੀਆਂ-ਝੌਂਪੜੀਆਂ ਨੂੰ ਹਟਾਇਆ ਗਿਆ। 23 ਅਪਰੈਲ 2025 ਨੂੰ ਸਨਅਤੀ ਏਰੀਆ ਫੇਜ਼-1 ਦੇ ਨਾਲ ਲਗਦੀ ਸੰਜੇ ਕਲੋਨੀ ਅਤੇ 6 ਮਈ ਨੂੰ ਸੈਕਟਰ-25 ਵਿਚ 10 ਏਕੜ ਜ਼ਮੀਨ ’ਤੇ ਸਥਿਤ ਜਨਤਾ ਕਲੋਨੀ ਵਿੱਚ ਲਗਪਗ 2,500 ਝੁੱਗੀ-ਝੌਂਪੜੀਆਂ ਨੂੰ ਢਾਹਿਆ ਗਿਆ ਸੀ।