ਚੰਗੇਰਾ ’ਚ ਪੇਚਸ਼ ਦੇ ਪੰਜ ਨਵੇਂ ਮਾਮਲੇ
ਪਿੰਡ ਚੰਗੇਰਾ ਵਿਖੇ ਪੇਚਸ਼ ਦੇ ਪੰਜ ਨਵੇਂ ਕੇਸ ਸਾਹਮਣੇ ਆਏ ਹਨ। ਸਿਹਤ ਵਿਭਾਗ ਵੱਲੋਂ ਚਾਰ ਮਰੀਜ਼ਾਂ ਦਾ ਪਿੰਡ ਵਿਚ ਹੀ ਇਲਾਜ ਆਰੰਭਿਆ ਗਿਆ ਹੈ ਜਦੋਂ ਕਿ ਇੱਕ ਮਹਿਲਾ ਲਵਪ੍ਰੀਤ ਕੌਰ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਰਾਜਪੁਰਾ ਦੇ ਏਪੀ ਜੈਨ ਹਸਪਤਾਲ ਲਈ ਰੈਫ਼ਰ ਕੀਤਾ ਗਿਆ ਹੈ। ਸਿਹਤ ਵਿਭਾਗ ਵੱਲੋਂ ਡਾ ਅਸੀਸ ਤੇ ਸੀਐਚਓ ਅੰਜੂ ਬਾਲਾ ਦੀ ਅਗਵਾਈ ਹੇਠ ਛੇ ਟੀਮਾਂ ਬਣਾ ਕੇ ਸਾਰੇ ਪੀੜਤ ਮਰੀਜ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ। ਐੱਸਐੱਮਓ ਕਾਲੋਮਾਜਰਾ ਡਾ ਪਰਮਜੀਤ ਕੌਰ ਤੇ ਬੀਈਈ ਦਲਜੀਤ ਕੌਰ ਨੇ ਦੱਸਿਆ ਕਿ ਪਿੰਡ ਦੇ 240 ਘਰਾਂ ਦਾ ਅੱਜ ਮੁੜ੍ਹ ਸਰਵੇ ਕੀਤਾ ਗਿਆ, ਜਿਸ ਦੌਰਾਨ ਨਵੇਂ ਮਰੀਜ਼ਾਂ ਦਾ ਪਤਾ ਲੱਗਿਆ। ਉਨ੍ਹਾਂ ਕਿਹਾ ਕਿ ਪਿੰਡ ਵਾਸੀਆਂ ਕਲੋਰੀਨ, ਜਿੰਕ ਦੀਆਂ ਗੋਲੀਆਂ ਤੇ ਓਆਰਐਸ ਦੇ ਪੈਕਟ ਵੰਡੇ ਗਏ। ਐਸਡੀਐਮ ਰਾਜਪੁਰਾ ਦੀਆਂ ਹਦਾਇਤਾਂ ਤਹਿਤ ਪਿੰਡ ਵਿੱਚ ਪਾਣੀ ਦੇ ਟੈਂਕਰ ਵੀ ਭੇਜੇ ਗਏ ਹਨ। ਜਲ ਸਪਲਾਈ ਵਿਭਾਗ ਦੇ ਜੇਈ ਨਵਜੋਤ ਸਿੰਘ ਨੇ ਦੱਸਿਆ ਕਿ ਪੁਰਾਣੀ ਪਾਈਪ ਲਾਈਨ ਵਿੱਚ ਨਵੀਂ ਪਾਈਪ ਲਾਈਨ ਜੋੜਨ ਨਾਲ ਥੋੜ੍ਹੀ ਬਹੁਤ ਲੀਕੇਜ ਆ ਗਈ ਸੀ, ਜਿਸ ਨੂੰ ਦੇਰ ਸ਼ਾਮ ਬੰਦ ਕਰਵਾ ਕੇ ਪੁੱਟੇ ਖੱਡਿਆਂ ਨੂੰ ਬੰਦ ਕਰਵਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਹੁਣ ਪੂਰੀ ਲਾਈਨ ਵਿੱਚ ਕਿਸੇ ਤਰ੍ਹਾਂ ਦੀ ਲੀਕੇਜ ਨਹੀਂ ਹੈ।
ਡੇਂਗੂ: 2387 ਘਰਾਂ ’ਚ ਮਿਲਿਆ ਲਾਰਵਾ
ਐੱਸਏਐੱਸ ਨਗਰ (ਮੁਹਾਲੀ) (ਖੇਤਰੀ ਪ੍ਰਤੀਨਿਧ): ਮੁਹਾਲੀ ਜ਼ਿਲ੍ਹੇ ਦੇ ਵਸਨੀਕਾਂ ਨੂੰ ਡੇਂਗੂ ਤੋਂ ਬਚਾਉਣ ਲਈ ਜ਼ਿਲ੍ਹਾ ਸਿਹਤ ਵਿਭਾਗ ਸਰਗਰਮ ਹੈ। ਸਿਵਲ ਸਰਜਨ ਡਾ. ਸੰਗੀਤਾ ਜੈਨ ਨੇ ਦਸਿਆ ਕਿ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਅਨਾਮਿਕਾ ਸੋਨੀ ਅਤੇ ਸੀਨੀਅਰ ਸਿਹਤ ਅਧਿਕਾਰੀਆਂ ਦੀ ਨਿਗਰਾਨੀ ਹੇਠ ਮਾਰਚ ਮਹੀਨੇ ਤੋਂ ਹੁਣ ਤਕ ਜ਼ਿਲ੍ਹੇ ਦੇ 1,88,171 ਘਰਾਂ ਵਿਚ ਸਰਵੇ ਕੀਤਾ ਜਾ ਚੁੱਕਾ ਹੈ ਅਤੇ 2387 ਘਰਾਂ ਵਿਚ ਡੇਂਗੂ ਬੁਖ਼ਾਰ ਫੈਲਾਉਣ ਵਾਲੇ ਮੱਛਰ ਦਾ ਲਾਰਵਾ ਮਿਲਿਆ ਹੈ ਅਤੇ 363 ਚਾਲਾਨ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਸਰਵੇ ਦੌਰਾਨ 5,83,236 ਕੰਟੇਨਰਾਂ ਦੀ ਜਾਂਚ ਕੀਤੀ ਗਈ ਹੈ ਅਤੇ 2862 ਕੰਟੇਨਰਾਂ ਵਿਚ ਲਾਰਵਾ ਮਿਲਿਆ।