ਕੌਮਾਂਤਰੀ ਨਸ਼ਾ ਤਸਕਰ ਗਰੋਹ ਦੇ ਪੰਜ ਮੈਂਬਰ ਕਾਬੂ
ਚੰਡੀਗੜ੍ਹ ਪੁਲੀਸ ਦੇ ਐੱਸਪੀ ਸਤਵਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਨਾਕਾਬੰਦੀ ਦੌਰਾਨ ਇਮੋਰੂ ਦਮੀਆਨ ਵਾਸੀ ਨਾਈਜ਼ੀਰੀਆ ਹਾਲ ਨਿਵਾਸੀ ਮੁਹਾਲੀ ਨੂੰ ਰੋਕ ਕੇ ਤਲਾਸ਼ੀ ਲਈ ਤਾਂ 62.60 ਗ੍ਰਾਮ ਨਸ਼ੀਲੇ ਪਦਾਰਥ ਬਰਾਮਦ ਕੀਤੇ। ਜਿਸ ਤੋਂ ਪੁੱਛਗਿੱਛ ਦੇ ਆਧਾਰ ’ਤੇ ਓਕੈ ਨਾਮਦੀ ਵਾਸੀ ਨਾਈਜ਼ੇਰੀਆ ਹਾਲ ਵਸਨੀਕ ਨਵੀਂ ਦਿੱਲੀ ਨੂੰ 35.80 ਗ੍ਰਾਮ ਕੋਕੇਨ ਅਤੇ ਟੋਉਫੇ ਯੁਸੂਫ ਵਾਸੀ ਖਰੜ ਨੂੰ 34.85 ਗ੍ਰਾਨ ਕੋਕੇਨ ਸਣੇ ਕਾਬੂ ਕੀਤਾ ਹੈ। ਪੁਲੀਸ ਜਾਂਚ ਵਿੱਚ ਸਾਹਮਣੇ ਆਇਆ ਕਿ ਇਹ ਤਿੰਨੋਂ ਜਣੇ ਚੰਡੀਗੜ੍ਹ, ਪੰਜਾਬ, ਹਰਿਆਣਾ ਤੇ ਆਲੇ-ਦੁਆਲੇ ਦੇ ਇਲਾਕੇ ਵਿੱਚ ਨਸ਼ੀਲੇ ਪਦਾਰਥ ਸਪਲਾਈ ਕਰਦੇ ਸਨ।
ਪੁਲੀਸ ਨੇ ਬੀਐੱਮਡਬਲਿਊ ਸਣੇ ਦੋ ਕਾਰਾਂ ਕਬਜ਼ੇ ਵਿੱਚ ਲਈਆਂ
ਕਰਾਈਮ ਬ੍ਰਾਂਚ ਦੀ ਟੀਮ ਨੇ ਦੂਜੇ ਮਾਮਲੇ ਵਿੱਚ ਕਾਰਵਾਈ ਕਰਦਿਆਂ ਪੁਲੀਸ ਨੇ ਬੀਐੱਮਡਬਲਿਊ ਕਾਰ ਵਿੱਚ ਸਵਾਰ ਸ਼ਿਵਾ ਠਾਕੁਰ ਵਾਸੀ ਚੰਡੀਗੜ੍ਹ ਤੇ ਜੈਸਲ ਬੈਂਸ ਵਾਸੀ ਫਤਿਹਗੜ੍ਹ ਸਾਹਿਬ ਨੂੰ ਸ਼ੱਕ ਦੇ ਆਧਾਰ ’ਤੇ ਰੋਕ ਕੇ ਤਲਾਸ਼ੀ ਲਈ ਤਾਂ 50.88 ਗ੍ਰਾਮ ਹੈਰੋਇਨ ਬਰਾਮਦ ਕੀਤੀ। ਪੁਲੀਸ ਨੇ ਦੋਵਾਂ ਨੂੰ ਗ੍ਰਿਫ਼ਤਾਰ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲੀਸ ਦੀ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਕਿ ਮੁਲਜ਼ਮ ਸ਼ਿਵਾ ਠਾਕੁਰ ਵਿਰੁੱਧ ਪਹਿਲਾਂ ਵੀ ਤਿੰਨ ਕੇਸ ਦਰਜ ਹਨ। ਇਨ੍ਹਾਂ ਵਿੱਚੋਂ ਨਸ਼ਾ ਤਸਕਰੀ ਨਾਲ ਸਬੰਧਤ ਇਕ ਕੇਸ ਵਿੱਚ 10 ਸਾਲ ਅਤੇ ਇਕ ਕੇਸ ਵਿੱਚ 15 ਸਾਲ ਦੀ ਸਜ਼ਾ ਹੋਈ ਪਈ ਹੈ। ਚੰਡੀਗੜ੍ਹ ਪੁਲੀਸ ਨੇ ਦੋਵਾਂ ਨੂੰ ਕਾਬੂ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ।