ਸਿਵਲ ਡਿਫੈਂਸ ਵਾਲੰਟੀਅਰਾਂ ਦੀ ਪਹਿਲੀ ਪਾਸਿੰਗ ਆਊਟ ਪਰੇਡ
ਟਰੇਨਿੰਗ ਪ੍ਰਾਪਤ ਕਰਨ ਵਾਲੇ 400 ਵਾਲੰਟੀਅਰਾਂ ਨੇ ਲਿਆ ਹਿੱਸਾ
Advertisement
ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਅਪਰੇਸ਼ਨ ਸਿੰਧੂਰ ਦੌਰਾਨ ਤਿਆਰ ਕੀਤੇ ‘ਸਿਵਲ ਡਿਫੈਂਸ ਵਾਲੰਟੀਅਰਾਂ’ ਦੀ ਪਹਿਲੀ ਪਾਸਿੰਗ ਆਊਟ ਪਰੇਡ ਸੈਕਟਰ- 7 ਸਥਿਤ ਸਪੋਰਟਸ ਕੰਪਲੈਕਸ ਵਿੱਚ ਕਰਵਾਈ ਗਈ। ਇਸ ਦੌਰਾਨ ਸੰਕਟ ਪ੍ਰਬੰਧਨ ਵਿੱਚ ਕੰਮ ਕਰਨ ਬਾਰੇ ਸਿਖਲਾਈ ਲੈਣ ਵਾਲੇ 400 ਵਾਲੰਟੀਅਰਾਂ ਨੇ ਹਿੱਸਾ ਲਿਆ ਜਿਨ੍ਹਾਂ ਨੂੰ ਮਗਸੀਪਾ ਵਿੱਚ ਕਲਾਸਰੂਮ ਟਰੇਨਿੰਗ ਦਿੱਤੀ ਗਈ ਅਤੇ ਚੰਡੀ ਮੰਦਰ ਛਾਉਣੀ ਵਿੱਚ ਫ਼ੌਜ ਦੇ ਜਵਾਨਾਂ ਵੱਲੋਂ ਫੀਲਡ ਟਰੇਨਿੰਗ ਦਿੱਤੀ ਗਈ ਹੈ। ਇਸ ਤੋਂ ਬਾਅਦ ਪੰਜਾਬ ਦੇ ਰਾਜਪਾਲ ਤੇ ਯੂਟੀ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਵੱਲੋਂ ਸੈਕਟਰ-18 ਸਥਿਤ ਟੈਗੋਰ ਥੀਏਟਰ ਵਿੱਚ ਸਿਵਲ ਡਿਫੈਂਸ ਵਾਲੰਟੀਅਰਾਂ ਦੇ ਪਹਿਲੇ ਬੈਚ ਨੂੰ ਵਿਦਾਇਗੀ ਦਿੱਤੀ ਗਈ।
ਸ੍ਰੀ ਕਟਾਰੀਆ ਨੇ ਕਿਹਾ ਕਿ ਅਪਰੇਸ਼ਨ ਸਿੰਧੂਰ ਦੌਰਾਨ ਸਥਿਤੀ ’ਤੇ ਨੱਥ ਪਾਉਣ ਲਈ ਕੁਝ ਹੀ ਘੰਟਿਆਂ ਵਿੱਚ 7,000 ਤੋਂ ਵੱਧ ਨੌਜਵਾਨ ਹੌਂਸਲਾ ਕਰ ਕੇ ਅੱਗੇ ਆਏ ਸਨ। ਉਨ੍ਹਾਂ ਕਿਹਾ ਕਿ ਆਪਦਾ, ਐਮਰਜੈਂਸੀ ਜਾਂ ਸੰਕਟ ਦੀ ਘੜੀ ਵਿੱਚ ਵਾਲੰਟੀਅਰਾਂ ਦੀ ਤਿਆਰੀ, ਸਾਹਸ ਅਤੇ ਸਮਰਪਣ ਸਮਾਜ ਦੇ ਸਾਰੇ ਵਰਗਾਂ ਦੀ ਸੁਰੱਖਿਆ ਅਤੇ ਤੰਦਰੁਸਤੀ ਨੂੰ ਯਕੀਨੀ ਬਣਾਉਂਦਾ ਹੈ। ਪ੍ਰਸ਼ਾਸਕ ਨੇ ਸਿਵਲ ਡਿਫੈਂਸ ਵਾਲੰਟੀਅਰਾਂ ਨੂੰ ‘ਨਸ਼ਾ ਮੁਕਤ ਚੰਡੀਗੜ੍ਹ’ ਅਤੇ ‘ਨਸ਼ਾ ਮੁਕਤ ਪੰਜਾਬ’ ਪਹਿਲਾਂ ਵਿੱਚ ਸਰਗਰਮ ਯੋਗਦਾਨ ਦੇਣ ਦਾ ਸੱਦਾ ਦਿੱਤਾ। ਯੂਟੀ ਦੇ ਪ੍ਰਸ਼ਾਸਕ ਨੇ ਕਿਹਾ ਕਿ ਹਾਲ ਹੀ ਵਿੱਚ ਭਾਰੀ ਮੀਂਹ ਦੌਰਾਨ ਸੁਖਨਾ ਝੀਲ ਦੇ ਫਲੱਡ ਗੇਟ ਖੋਲ੍ਹੇ ਗਏ ਸਨ ਅਤੇ ਸਿਵਲ ਡਿਫੈਂਸ ਵਾਲੰਟੀਅਰਾਂ ਨੂੰ ਪ੍ਰਭਾਵਿਤ ਖੇਤਰਾਂ ਵਿੱਚ ਤਾਇਨਾਤ ਕੀਤਾ ਗਿਆ ਸੀ। ਡਿਪਟੀ ਕਮਿਸ਼ਨਰ ਨਿਸ਼ਾਂਤ ਕੁਮਾਰ ਯਾਦਵ ਨੇ ਕਿਹਾ ਕਿ ਵਲੰਟੀਅਰਾਂ ਨੂੰ ਆਫ਼ਤ ਦੀਆਂ ਸਥਿਤੀਆਂ ਨਾਲ ਨਜਿੱਠਣ ਲਈ ਭਾਰਤੀ ਫ਼ੌਜ ਅਤੇ ਐੱਨ ਡੀ ਆਰ ਐੱਫ ਦੇ ਸਮਰਥਨ ਨਾਲ ਟਰੇਨਿੰਗ ਦਿੱਤੀ ਗਈ ਹੈ, ਜੋ ਸਮਾਜ ਲਈ ਕਾਰਗਰ ਸਾਬਤ ਹੋਵੇਗੀ।
Advertisement
Advertisement