ਪੰਜਾਬ ਤੇ ਹਰਿਆਣਾ ਹਾਈ ਕੋਰਟ ਕੰਪਲੈਕਸ ’ਚ ਅੱਗ ਲੱਗੀ
ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਪੰਜਾਬ ਤੇ ਹਰਿਆਣਾ ਹਾਈ ਕੋਰਟ ਕੰਪਲੈਕਸ ਵਿੱਚ ਅੱਜ ਸਵੇਰੇ ਅਚਾਨਕ ਅੱਗ ਲੱਗ ਗਈ, ਜਿਸ ਕਰਕੇ ਹਾਈ ਕੋਰਟ ਵਿੱਚ ਹਫੜਾ-ਦਫੜੀ ਦਾ ਮਾਹੌਲ ਬਣ ਗਿਆ ਹੈ। ਇਸ ਬਾਰੇ ਜਾਣਕਾਰੀ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਟੀਮਾਂ ਨੇ ਮੌਕੇ ’ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾਇਆ ਗਿਆ ਹੈ। ਇਹ ਘਟਨਾ ਤੜਕੇ ਕਰੀਬ 4-5 ਵਜੇ ਵਾਪਰੀ, ਜਦੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਸਥਿਤ ਮਹਿਲਾ ਬਾਰ ਰੂਮ ਵਿੱਚ ਅੱਗ ਲੱਗ ਗਈ। ਦੇਖਦੇ ਹੀ ਦੇਖਦੇ ਅੱਗ ਨੇ ਮਹਿਲਾ ਬਾਰ ਰੂਮ ਨੂੰ ਪੂਰਾ ਸਾੜ ਦਿੱਤਾ ਅਤੇ ਨਾਲ ਲਗਦਾ ਕਮਰਾ ਨੰਬਰ-4 ਵੀ ਆਪਣੇ ਝਪੇਟ ਵਿੱਚ ਲੈ ਲਿਆ। ਇਸ ਦੌਰਾਨ ਕਿਸੇ ਕਿਸਮ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਪਰ ਬਾਰ ਰੂਮ ਵਿੱਚ ਪਏ ਸਾਮਾਨ ਸਣੇ ਲੱਖਾਂ ਰੁਪਏ ਦਾ ਸਾਮਾਨ ਸੜ ਕੇ ਰਾਖ ਹੋ ਗਿਆ ਹੈ। ਹਾਈ ਕੋਰਟ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਸਰਤੇਜ ਨਰੂਲਾ ਨੇ ਕਿਹਾ ਕਿ ਇਹ ਘਟਨਾ ਸੋਮਵਾਰ ਤੜਕੇ 4.45 ਦੇ ਕਰੀਬ ਦੀ ਹੈ, ਜਿਸ ਬਾਰੇ ਜਾਣਕਾਰੀ ਮਿਲਦੇ ਹੀ ਉਹ ਮੌਕੇ ’ਤੇ ਪਹੁੰਚੇ ਅਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ। ਉਨ੍ਹਾਂ ਕਿਹਾ ਕਿ ਫਾਇਰ ਬ੍ਰਿਗੇਡ ਨੇ ਕੁਝ ਸਮੇਂ ਵਿੱਚ ਹੀ ਅੱਗ ’ਤੇ ਕਾਬੂ ਪਾ ਲਿਆ ਹੈ। ਉਨ੍ਹਾਂ ਕਿਹਾ ਕਿ ਅੱਗ ਲੱਗਣ ਦੇ ਕਾਰਨਾਂ ਦਾ ਹਾਲੇ ਤੱਕ ਪਤਾ ਨਹੀਂ ਲੱਗ ਸੱਕਿਆ ਹੈ। ਇਸ ਬਾਰੇ ਫਾਇਰ ਬ੍ਰਿਗੇਡ ਵੱਲੋਂ ਜਾਂਚ ਕੀਤੀ ਜਾ ਰਹੀ ਹੈ।