ਪਟਾਕਿਆਂ ਦੀ ਦੁਕਾਨ ਵਿੱਚ ਅੱਗ ਲੱਗੀ
ਸ਼ਹਿਰ ਦੀ ਮੋਰਿੰਡਾ ਰੋਡ ’ਤੇ ਸਥਿਤ ਪਟਾਕਿਆਂ ਦੀ ਦੁਕਾਨ ਵਿੱਚ ਅਚਾਨਕ ਅੱਗ ਲੱਗ ਗਈ। ਅੱਗ ਲੱਗਣ ਕਾਰਨ ਆਤਿਸ਼ਬਾਜ਼ੀ ਮਾਰਕੀਟ ਵਿੱਚ ਭੱਜ ਦੌੜ ਮਚ ਗਈ ਜਦਕਿ ਕਰੀਬ ਡੇਢ ਘੰਟੇ ਦੀ ਜੱਦੋ ਜਹਿਦ ਤੋਂ ਬਾਅਦ ਅੱਗ ਬੁਝਾਈ ਗਈ। ਜਾਣਕਾਰੀ ਅਨੁਸਾਰ ਮੋਰਿੰਡਾ ਰੋਡ...
Advertisement
ਸ਼ਹਿਰ ਦੀ ਮੋਰਿੰਡਾ ਰੋਡ ’ਤੇ ਸਥਿਤ ਪਟਾਕਿਆਂ ਦੀ ਦੁਕਾਨ ਵਿੱਚ ਅਚਾਨਕ ਅੱਗ ਲੱਗ ਗਈ। ਅੱਗ ਲੱਗਣ ਕਾਰਨ ਆਤਿਸ਼ਬਾਜ਼ੀ ਮਾਰਕੀਟ ਵਿੱਚ ਭੱਜ ਦੌੜ ਮਚ ਗਈ ਜਦਕਿ ਕਰੀਬ ਡੇਢ ਘੰਟੇ ਦੀ ਜੱਦੋ ਜਹਿਦ ਤੋਂ ਬਾਅਦ ਅੱਗ ਬੁਝਾਈ ਗਈ। ਜਾਣਕਾਰੀ ਅਨੁਸਾਰ ਮੋਰਿੰਡਾ ਰੋਡ ਦੇ ਬਡਾਲੀ ਰੋਡ ਟੀ-ਪੁਆਇੰਟ ’ਤੇ ਸਥਿਤ ਆਤਿਸ਼ਬਾਜ਼ੀ ਦੀ ਦੁਕਾਨ ਪੰਕੂ ਦੀ ਹੱਟੀ ਦੇ ਪਿਛਲੇ ਪਾਸਿਓਂ ਅਚਾਨਕ ਧੂੰਆ ਨਿਕਲਦਾ ਦੇਖਿਆ ਗਿਆ ਅਤੇ ਕੁਝ ਪਲਾਂ ਵਿੱਚ ਹੀ ਧੂੰਆਂ ਅੱਗ ਦੀਆਂ ਲਪਟਾਂ ਵਿੱਚ ਬਦਲ ਗਿਆ। ਅੱਗ ਨੂੰ ਕਾਬੂ ਪਾਉਣ ਲਈ ਤੁਰੰਤ ਅੱਗ ਬੁਝਾਊ ਸਿਲੰਡਰਾਂ ਦੀ ਵਰਤੋਂ ਕੀਤੀ ਗਈ ਪਰ ਅੱਗ ਫੈਲਦੀ ਗਈ। ਇਸੇ ਦੌਰਾਨ ਆਤਿਸ਼ਬਾਜ਼ੀ ਮਾਰਕੀਟ ਵਿੱਚ ਭੱਜ ਦੌੜ ਮਚ ਗਈ ਅਤੇ ਦੁਕਾਨਦਾਰਾਂ ਨੇ ਨਾਲ ਲੱਗਦੀਆਂ ਦੁਕਾਨਾਂ ਬੰਦ ਕਰ ਦਿੱਤੀਆਂ। ਇਕੱਠੇ ਹੋਏ ਸੈਂਕੜੇ ਵਰਕਰਾਂ ਨੇ ਦੁਕਾਨਾਂ ਦੇ ਪਿਛਲੇ ਪਾਸੇ ਲੱਗੀ ਅੱਗ ਦੇ ਬਾਜਵੂਦ ਜੋਖਮ ਲੈਂਦਿਆਂ ਦੁਕਾਨ ਦੇ ਅਗਲੇ ਪਾਸੇ ਪਏ ਆਤਿਸ਼ਬਾਜ਼ੀ ਦੇ ਭੰਡਾਰ ਬਾਹਰ ਕੱਢੇ ਅਤੇ ਅੱਗ ਨੂੰ ਕਾਬੂ ਪਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ।ਘਟਨਾ ਸਬੰਧੀ ਸੂਚਨਾ ਮਿਲਦਿਆਂ ਹੀ ਸਥਾਨਕ ਥਾਣਾ ਸਿਟੀ ਤੇ ਸਦਰ ਦੀਆਂ ਪੁਲੀਸ ਪਾਰਟੀਆਂ ਵੀ ਮੌਕੇ ’ਤੇ ਪੁੱਜ ਗਈਆਂ। ਇਸੇ ਦੌਰਾਨ ਫਾਇਰ ਬ੍ਰਿਗੇਡ ਦੀ ਗੱਡੀ ਵੀ ਮੌਕੇ ’ਤੇ ਪੁੱਜ ਗਈ। ਕਰੀਬ ਡੇਢ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ ਗਿਆ। ਇਸ ਕਾਰਨ ਦੁਕਾਨ ਵਿੱਚ ਹੋਏ ਨੁਕਸਾਨ ਅਤੇ ਅੱਗ ਲੱਗਣ ਦੇ ਅਸਲ ਕਾਰਨਾ ਦਾ ਹਾਲੇ ਪਤਾ ਨਹੀਂ ਚੱਲ ਸਕਿਆ। ਜਾਣਕਾਰੀ ਅਨੁਸਾਰ ਬਿਜਲੀ ਦੇ ਸ਼ਾਟ ਸਰਕਟ ਕਾਰਨ ਅੱਗ ਲੱਗੀ ਦੱਸੀ ਜਾਂਦੀ ਹੈ ਜਦਕਿ ਕੁਝ ਇਨਵਰਟਰ ਫਟਣ ਨੂੰ ਅੱਗ ਲੱਗਣ ਦਾ ਕਾਰਨ ਦੱਸ ਰਹੇ ਹਨ। ਦੂਜੇ ਪਾਸੇ ਸ਼ਹਿਰ ਵਾਸੀਆਂ ਨੇ ਆਤਿਸ਼ਬਾਜ਼ੀ ਮਾਰਕੀਟ ਵਿੱਚ ਆਤਿਸ਼ਬਾਜ਼ੀ ਦੇ ਭੰਡਾਰਨ ਸਬੰਧੀ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ।
Advertisement
Advertisement
