ਫਿਨਲੈਂਡ ਦੇ ਵਫ਼ਦ ਨੇ ਸਕੂਲਾਂ ਦਾ ਦੌਰਾ ਕੀਤਾ
ਫਿਨਲੈਂਡ ਤੋਂ ਆਏ ਤਿੰਨ ਮੈਂਬਰੀ ਮਹਿਲਾ ਵਫ਼ਦ ਜਿਸ ਵਿੱਚ ਦੋ ਅਧਿਆਪਕ ਅਤੇ ਇੱਕ ਸਕੂਲ ਸਿਹਤ ਕਰਮਚਾਰੀ ਸ਼ਾਮਲ ਸੀ, ਨੇ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੋਬਿੰਦਗੜ੍ਹ ਅਤੇ ਫੇਜ਼ ਗਿਆਰਾਂ ਦੇ ਸਕੂਲ ਆਫ ਐਮੀਨੈਂਸ ਦਾ ਦੌਰਾ ਕੀਤਾ। ਵਫ਼ਦ ਦੇ ਮੈਂਬਰਾਂ ਪੌਲਾ ਸੈਂਟਾਨੇਨ, ਰਿੱਕਾ ਟੋਇਵੋਨੇਨ ਅਤੇ ਹਾਨਾ ਹੀਕੀਲਾ ਨਾਲ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਡਾ. ਗਿੰਨੀ ਦੁੱਗਲ ਪੁੱਜੇ।
ਵਫ਼ਦ ਨੇ ਪਹਿਲਾਂ ਫੇਜ਼ ਗਿਆਰਾਂ ਦੇ ਸਕੂਲ ਦਾ ਦੌਰਾ ਕੀਤਾ। ਉਨ੍ਹਾਂ ਇੰਗਲਿਸ਼ ਹੈਲਪਰ ਪ੍ਰੋਗਰਾਮ ਅਧੀਨ ਕੀਤੀਆਂ ਜਾ ਰਹੀਆਂ ਕਲਾਸਰੂਮ ਗਤੀਵਿਧੀਆਂ ਨੂੰ ਦੇਖਿਆ ਅਤੇ ਵਿਦਿਆਰਥੀਆਂ ਅਤੇ ਅਧਿਆਪਕਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਵਿਦਿਆਰਥੀਆਂ ਦੇ ਆਤਮਵਿਸ਼ਵਾਸ, ਅੰਗਰੇਜ਼ੀ ਬੋਲਣ ਦੇ ਹੁਨਰ ਅਤੇ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਸਿਰਜੇ ਗਏ ਸਿੱਖਣ ਦੇ ਪ੍ਰਗਤੀਸੀਲ ਮਾਹੌਲ ਦੀ ਪ੍ਰਸੰਸਾ ਕੀਤੀ। ਪ੍ਰਿੰਸੀਪਲ ਲਵਿਸ਼ ਚਾਵਲਾ ਨਾਲ ਵਫ਼ਦ ਨੇ ਮਾਪੇ-ਅਧਿਆਪਕ ਮਿਲਣੀ ਵਿੱਚ ਵੀ ਹਿੱਸਾ ਲਿਆ। ਉਨ੍ਹਾਂ ਸਕੂਲ ਦੀ ਰਸੋਈ, ਮਿੱਡ-ਡੇਅ ਮੀਲ, ਬੁਨਿਆਦੀ ਢਾਂਚੇ ਬਾਰੇ ਜਾਣਕਾਰੀ ਹਾਸਲ ਕੀਤੀ।
ਇਸ ਮਗਰੋਂ ਵਫ਼ਦ ਗੋਬਿੰਦਗੜ੍ਹ ਸਕੂਲ ਪਹੁੰਚਿਆ। ਪ੍ਰਿੰਸੀਪਲ ਸੰਧਿਆ ਸ਼ਰਮਾ ਦੀ ਅਗਵਾਈ ਹੇਠ ਅਧਿਆਪਕਾਂ ਤੇ ਵਿਦਿਆਰਥੀਆਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਬਾਰ੍ਹਵੀਂ ਦੀ ਵਿਦਿਆਰਥਣ ਦ੍ਰਿਸ਼ਟੀ ਨੇ ਵਫ਼ਦ ਨੂੰ ਸਕੂਲ ਬਾਰੇ ਅੰਗਰੇਜ਼ੀ ਵਿੱਚ ਜਾਣਕਾਰੀ ਦਿੱਤੀ। ਵਫ਼ਦ ਨੇ ਐੱਨ ਐੱਸ ਕਿਊ ਐੱਫ ਲੈਬ ਦਾ ਨਿਰੀਖਣ ਕੀਤਾ। ਉਨ੍ਹਾਂ ਇੱਥੇ ਮਿੱਡ-ਡੇਅ ਮੀਲ ਦਾ ਬਣਿਆ ਖਾਣਾ ਵੀ ਖਾਧਾ। ਇਸ ਮੌਕੇ ਪ੍ਰਿੰਸੀਪਲ ਅਤੇ ਸਟਾਫ਼ ਵੱਲੋਂ ਵਫ਼ਦ ਦਾ ਸਨਮਾਨ ਵੀ ਕੀਤਾ ਗਿਆ।
ਜ਼ਿਲ੍ਹਾ ਸਿੱਖਿਅ ਅਫ਼ਸਰ ਡਾ. ਗਿੰਨੀ ਦੁੱਗਲ ਨੇ ਦੱਸਿਆ ਕਿ ਫਿਨਲੈਂਡ ਦੇ ਸਿੱਖਿਆ ਮਾਹਿਰਾਂ ਦੀ ਮੌਜੂਦਗੀ ਸਿੱਖਿਆ ਦੇ ਖੇਤਰ ਵਿੱਚ ਪੰਜਾਬ ਅਤੇ ਫਿਨਲੈਂਡ ਦਰਮਿਆਨ ਵਧ ਰਹੇ ਸਹਿਯੋਗ ਦਾ ਪ੍ਰਤੀਕ ਹੈ।