ਮਹਿਲਾ ਟਿਕਟ ਚੈੱਕਰ ਵੱਲੋਂ ਯਾਤਰੀ ਦੀ ਕੁੱਟਮਾਰ
ਟੀਸੀ ਵੱਲੋਂ ਯਾਤਰੀ ’ਤੇ ਦੁਰਵਿਹਾਰ ਕਰਨ ਦਾ ਦੋਸ਼; ਰੇਲਵੇ ਪ੍ਰਸ਼ਾਸਨ ਕਰੇਗਾ ਮਾਮਲੇ ਦੀ ਜਾਂਚ
Advertisement
ਬੀਤੀ ਰਾਤ ਇੱਕ ਮਹਿਲਾ ਟੀਸੀ ਨੇ ਅੰਬਾਲਾ ਕੈਂਟ ਰੇਲਵੇ ਸਟੇਸ਼ਨ ’ਤੇ ਇੱਕ ਯਾਤਰੀ ਦੀ ਕੁੱਟਮਾਰ ਕੀਤੀ। ਇਸ ਨਾਲ ਪਲੇਟਫਾਰਮ ਨੰਬਰ-2 ’ਤੇ ਹਫੜਾ-ਦਫੜੀ ਮੱਚ ਗਈ। ਸੂਚਨਾ ਮਿਲਣ ’ਤੇ ਹੋਰ ਟੀਟੀਈ ਵੀ ਮੌਕੇ ’ਤੇ ਪਹੁੰਚ ਗਏ। ਰੇਲਵੇ ਪ੍ਰਸ਼ਾਸਨ ਨੇ ਕਿਹਾ ਹੈ ਕਿ ਉਹ ਮਾਮਲੇ ਦੀ ਜਾਂਚ ਕਰੇਗਾ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ੁੱਕਰਵਾਰ ਰਾਤ ਜਿਵੇਂ ਹੀ 15934 ਅੰਮ੍ਰਿਤਸਰ ਤਿਨਸੁਕੀਆ ਐਕਸਪ੍ਰੈੱਸ ਕੈਂਟ ਸਟੇਸ਼ਨ ਪਹੁੰਚੀ ਤਾਂ ਇੱਕ ਮਹਿਲਾ ਟਿਕਟ ਚੈੱਕਰ ਨੇ ਇਕ ਨੌਜਵਾਨ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ। ਕਈ ਲੋਕਾਂ ਨੇ ਇਸ ਦਾ ਵਿਰੋਧ ਕੀਤਾ ਪਰ ਮਹਿਲਾ ਟੀਸੀ ਨੇ ਕਿਸੇ ਦੀ ਗੱਲ ਨਹੀਂ ਸੁਣੀ ਅਤੇ ਨੌਜਵਾਨ ਦੇ 4-5 ਥੱਪੜ ਜੜ ਦਿੱਤੇ। ਜਦੋਂ ਕੁਝ ਲੋਕ ਘਟਨਾ ਦਾ ਵੀਡੀਓ ਬਣਾਉਣ ਲੱਗੇ ਤਾਂ ਟੀਸੀ ਨੇ ਉਨ੍ਹਾਂ ਨੂੰ ਰੋਕ ਦਿੱਤਾ। ਕਰੀਬ 20 ਮਿੰਟਾਂ ਤੱਕ ਇਹ ਡਰਾਮਾ ਚਲਦਾ ਰਿਹਾ ਅਤੇ ਫਿਰ ਨੌਜਵਾਨ ਨੂੰ ਗੱਡੀ ਵਿਚ ਬਿਠਾ ਦਿੱਤਾ ਗਿਆ। ਇਸ ਮਾਮਲੇ ਵਿੱਚ ਮਹਿਲਾ ਟੀਸੀ ਨੇ ਆਪਣੀ ਸਫ਼ਾਈ ਦਿੰਦਿਆਂ ਕਿਹਾ ਕਿ ਨੌਜਵਾਨ ਸ਼ਰਾਬੀ ਸੀ ਅਤੇ ਜਨਰਲ ਟਿਕਟ ਲੈ ਕੇ ਸਲੀਪਰ ਵਿੱਚ ਯਾਤਰਾ ਕਰ ਰਿਹਾ ਸੀ। ਜਦੋਂ ਉਸ ਨੂੰ ਟਿਕਟ ਬਣਾਉਣ ਲਈ ਕਿਹਾ ਗਿਆ ਤਾਂ ਉਸ ਨੇ ਦੁਰਵਿਹਾਰ ਕਰਨਾ ਸ਼ੁਰੂ ਕਰ ਦਿੱਤਾ। ਉਸ ਨੇ ਕਈ ਵਾਰ ਹੱਥ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਮਜਬੂਰਨ ਹੱਥ ਚੁੱਕਣਾ ਪਿਆ।
ਰੇਲਵੇ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਸ ਘਟਨਾ ਨਾਲ ਜੁੜੇ ਜੋ ਤੱਥ ਸਾਹਮਣੇ ਆਉਣਗੇ ਉਨ੍ਹਾਂ ਦੇ ਅਧਾਰ ’ਤੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।
Advertisement
Advertisement