ਸਤਲੁਜ ਦਰਿਆ ਵਿੱਚ ਪਾਣੀ ਛੱਡਣ ਕਾਰਨ ਨੇੜਲੇ ਪਿੰਡਾਂ ਵਿੱਚ ਸਹਿਮ
ਪਿਛਲੇ ਕਈ ਦਹਾਕਿਆਂ ਤੋਂ ਨਹੀਂ ਹੋਈ ਨਦੀਆਂ, ਨਾਲਿਆਂ ਅਤੇ ਸਤਲੁਜ ਦੇ ਧੁੱਸੀ ਬੰਨ੍ਹ ਦੀ ਸਫ਼ਾਈ ਤੇ ਮੁਰੰਮਤ
Advertisement
ਕਸਬਾ ਬੇਲਾ ਨਜ਼ਦੀਕ ਲੰਘਦੇ ਦਰਿਆ ਸਤਲੁਜ ਵਿੱਚ ਪਾਣੀ ਛੱਡਣ ਕਾਰਨ ਨੇੜਲੇ ਪਿੰਡਾਂ ਦੇ ਲੋਕਾਂ ਵਿੱਚ ਸਹਿਮ ਦਾ ਮਾਹੌਲ ਹੈ ਪਰ ਦਰਿਆ ਵਿੱਚ ਪਾਣੀ ਖਤਰੇ ਦੇ ਨਿਸ਼ਾਨ ਤੋਂ ਬਹੁਤ ਘੱਟ ਚੱਲ ਰਿਹਾ ਹੈ। ਚਮਕੌਰ ਸਾਹਿਬ ਦੇ ਇਲਾਕੇ ਖਾਸਕਰ ਬੇਟ ਅਤੇ ਮੰਡ ਖੇਤਰ ਵਿੱਚ ਸਾਲ 2023 ਦੌਰਾਨ ਮੀਂਹ ਕਾਰਨ ਆਏ ਹੜ੍ਹਾਂ ਨੇ ਭਾਰੀ ਤਬਾਹੀ ਕੀਤੀ ਸੀ। ਜ਼ਿਕਰਯੋਗ ਹੈ ਕਿ ਚਮਕੌਰ ਸਾਹਿਬ ਦੇ ਬੇਟ ਖੇਤਰ ਦੇ ਲੋਕ ਸਾਲ 1978 ਵਿੱਚ ਅਜਿਹੇ ਹਾਲਾਤ ਵੇਖ ਚੁੱਕੇ ਹਨ ਜਦੋਂ ਦੋ ਪਿੰਡ ਮਾਲੇਵਾਲ ਤੇ ਜ਼ਿੰਦਾਪੁਰ ਬੁਰੀ ਤਰ੍ਹਾਂ ਦਰਿਆ ਸਤਲੁਜ ਦੇ ਪਾਣੀ ਦੀ ਲਪੇਟ ਵਿੱਚ ਆ ਕੇ ਹੜ੍ਹ ਗਏ ਸਨ ਤੇ ਉਦੋਂ ਕਾਫੀ ਮਾਲੀ ਤੇ ਜਾਨੀ ਨੁਕਸਾਨ ਵੀ ਹੋਇਆ ਸੀ। ਡਰੇਨੇਜ਼ ਵਿਭਾਗ ਵੱਲੋਂ ਸੇਮ ਨਾਲਿਆਂ ਵਿਚ ਉੱਗੀ ਗਾਜਰ ਬੂਟੀ ਤੇ ਸਰਕੰਡੇ ਆਦਿ ਦੀ ਸਫਾਈ ਵੀ ਕਾਗਜ਼ਾਂ ਤੱਕ ਹੀ ਸੀਮਤ ਹੈ , ਉੱਥੇ ਹੀ ਦਰਿਆ ਸਤਲੁਜ ਵਿਚਲੀਆਂ ਕਈ ਬੁਰਜੀਆਂ ਦੀ ਹਾਲਤ ਵੀ ਬਹੁਤ ਮਾੜੀ ਦੱਸੀ ਜਾ ਰਹੀ ਹੈ। ਸਮਾਜਸੇਵੀ ਅਮਨਦੀਪ ਸਿੰਘ ਮਾਂਗਟ , ਅਕਾਲੀ ਆਗੂ ਬਲਦੇਵ ਸਿੰਘ ਹਾਫਿਜ਼ਾਬਾਦ , ਪੈਨਸ਼ਨਰਜ਼ ਮਹਾਂ ਸੰਘ ਦੇ ਪ੍ਰਧਾਨ ਧਰਮਪਾਲ ਸੋਖਲ ਅਤੇ ਕਿਸਾਨ ਆਗੂ ਬਾਈ ਪਰਮਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਸਮੇਂ ਸਿਰ ਹੜ੍ਹ ਰੋਕੂ ਪ੍ਰਬੰਧ ਕੀਤੇ ਜਾਣ ਪਰ ਇਹ ਕਾਗਜ਼ਾਂ ਤੱਕ ਹੀ ਸੀਮਤ ਨਾ ਰਹਿਣ।
ਡਰੇਨੇਜ਼ ਵਿਭਾਗ ਦੇ ਐਕਸੀਅਨ ਤੁਸਾਰ ਗੋਇਲ ਨੇ ਦੱਸਿਆ ਕਿ ਦਰਿਆ ਵਿੱਚ ਛੱਡੇ ਪਾਣੀ ਤੋਂ ਨੇੜਲੇ ਪਿੰਡਾਂ ਦੇ ਲੋਕਾਂ ਨੂੰ ਡਰਨ ਦੀ ਲੋੜ ਨਹੀਂ, ਕਿਉਂਕਿ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ ਬਹੁਤ ਘੱਟ ਹੈ ਅਤੇ ਸਿਰਫ 50 ਹਜ਼ਾਰ ਕਿਊਸਿਕ ਹੀ ਪਾਣੀ ਛੱਡਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਦਰਿਆ ਵਿੱਚ ਜਿੱਥੇ ਪਾਣੀ ਛੱਡਣ ਕਾਰਨ ਖਾਰ ਪੈ ਗਈ ਸੀ, ਉਸ ਥਾਂ ਤੇ ਪ੍ਰਸ਼ਾਸਨ ਵੱਲੋਂ ਤੁਰੰਤ ਲੇਬਰ ਲਗਾ ਕੇ ਖਾਰ ਨੂੰ ਠੀਕ ਕਰ ਦਿੱਤਾ ਗਿਆ ਹੈ ਤਾਂ ਜੋ ਕਿ ਦਰਿਆ ਵਿੱਚ ਪਾੜ ਨਾ ਪੈ ਸਕੇ।
Advertisement
Advertisement