ਸਿਸਵਾਂ ਦੇ ਪਾਣੀ ਕਾਰਨ ਕੁਰਾਲੀ ਦੀਆਂ ਕਈ ਕਲੋਨੀਆਂ ’ਚ ਸਹਿਮ
ਸ਼ਹਿਰ ਦੀ ਸਿਸਵਾਂ ਨਦੀ ਵਿੱਚ ਇੱਕ ਵਾਰ ਫਿਰ ਤੋਂ ਆਏ ਭਾਰੀ ਮਾਤਰਾ ਵਿੱਚ ਬਰਸਾਤੀ ਪਾਣੀ ਨੇ ਸ਼ਹਿਰ ਦੀ ਬਾਰਾਂ ਮੰਦਰ ਕਲੋਨੀ ਦੇ ਵਸਨੀਕਾਂ ਦੇ ਸਾਹ ਸੂਤ ਲਏ। ਨਦੀ ਵਿੱਚ ਆਏ ਤੇਜ਼ ਵਹਾਅ ਪਾਣੀ ਨੇ ਸ਼ਹਿਰ ਵੱਲ ਨੂੰ ਖਾਰ ਕਾਰਨ ਮਾਡਲ ਟਾਊਨ ਤੋਂ ਇਲਾਵਾ ਸ਼ਹਿਰ ਵੀ ਇਸ ਬਰਸਾਤੀ ਪਾਣੀ ਦੀ ਮਾਰ ਹੇਠ ਆਉਣ ਦਾ ਖਤਰਾ ਬਣਿਆ ਹੋਇਆ ਹੈ। ਪਿਛਲੇ ਦਿਨਾਂ ਤੋਂ ਪਹਾੜੀ ਖੇਤਰਾਂ ਵਿੱਚ ਹੋ ਰਹੀ ਭਾਰੀ ਬਾਰਿਸ਼ ਦਾ ਅਸਰ ਅੱਜ ਸ਼ਹਿਰ ਵਿਚੋਂ ਲੰਘਦੀ ਸਿਸਵਾਂ ਨਦੀ ਵਿੱਚ ਦੇਖਣ ਨੂੰ ਮਿਲਿਆ। ਦਿਨ ਚੜ੍ਹਦਿਆਂ ਹੀ ਸ਼ਹਿਰ ਦੀਆਂ ਕਈ ਰਿਹਾਇਸ਼ੀ ਕਲੋਨੀਆਂ ਨੂੰ ਖਹਿ ਕੇ ਲੰਘਦੀ ਨਦੀ ਵਿੱਚ ਤੇਜ਼ ਵਹਾਅ ਵਾਲਾ ਬਰਸਾਤੀ ਪਾਣੀ ਆ ਗਿਆ। ਨਦੀ ਵਿੱਚ ਆਏ ਤੇਜ਼ ਵਹਾਅ ਵਾਲੇ ਭਾਰੀ ਮਾਤਰਾ ਪਾਣੀ ਨੇ ਪਹਿਲਾਂ ਹੀ ਹੜ੍ਹ ਦੀ ਮਾਰ ਝੱਲ ਰਹੇ ਬਾਰਾਂ ਮੰਦਰ ਕਲੋਨੀ ਤੇ ਡਬਲਿਊ ਡਬਲਿਊ ਆਈਸੀਸੀ ਕਲੋਨੀ ਦੇ ਲੋਕਾਂ ਨੂੰ ਫਿਕਰਾਂ ਵਿੱਚ ਪਾ ਦਿੱਤਾ। ਤੇਜ਼ ਵਹਾਅ ਵਾਲੇ ਪਾਣੀ ਨੇ ਕੁਰਾਲੀ ਸ਼ਹਿਰ ਤੇ ਮਾਡਲ ਟਾਊਨ ਵਾਲੇ ਪਾਸੇ ਕਰੀਬ ਸੌ ਫੁੱਟ ਦਾ ਰਸਤਾ ਬਣਾਉਂਦਿਆਂ ਸ਼ਹਿਰ ਵਾਲੇ ਪਾਸੇ ਨਦੀ ਦੇ ਕੰਢੇ ਨੂੰ ਖੋਰਾ ਲਗਾਉਂਦਿਆਂ ਆਪਣਾ ਦਾਇਰਾ ਹੋਰ ਚੌੜਾ ਕਰ ਲਿਆ। ਮਿੱਟੀ ਦੀਆਂ ਢਿੱਗਾਂ ਲਗਾਤਾਰ ਡਿੱਗਣ ਕਾਰਨ ਨਦੀ ਦਾ ਇਹ ਪਾਣੀ ਸ਼ਹਿਰ ਲਈ ਲਗਾਤਾਰ ਖਤਰੇ ਦਾ ਕਾਰਨ ਬਣਿਆ ਹੋਇਆ ਹੈ। ਪ੍ਰਭਾਵਿਤ ਕਲੋਨੀਆਂ ਦੇ ਵਸਨੀਕਾਂ ਨੇ ਨਦੀ ਦੀ ਪਾਣੀ ਦੀ ਮਾਰ ਤੋਂ ਬਚਾਉਣ ਲਈ ਬੰਨ੍ਹ ਬਣਾਏ ਜਾਣ ਤੇ ਹੋਰ ਢੁਕਵੇਂ ਪ੍ਰਬੰਧ ਕਰਨ ਦੀ ਮੰਗ ਕੀਤੀ ਹੈ।