ਕਿਸਾਨਾਂ ਨੇ ਐੱਸ ਡੀ ਐੱਮ ਨੂੰ ਪੱਤਰ ਸੌਂਪਿਆ
ਭਾਰਤੀ ਕਿਸਾਨ ਯੂਨੀਅਨ ਨੇ ਖਰੜ ਸਬ-ਡਿਵੀਜ਼ਨ ਦੇ ਪਿੰਡਾਂ ਮਾਛੀਪੁਰ, ਫਤਿਹਪੁਰ ਥੇੜੀ, ਸਿੱਲ ਕੱਪੜਾ ਪਿੰਡਾਂ ਨੇੜੇ ਮੋਰਿੰਡਾ ਮਿਉਂਸਿਪਲ ਵੱਲੋਂ ਪਿੰਡਾਂ ਨੇੜੇ ਡੰਪਿੰਗ ਗਰਾਊਂਡ ਬਣਾ ਕੇ ਅੱਗ ਲਾਉਣ ਖ਼ਿਲਾਫ਼ ਐੱਸ ਡੀ ਐੱਮ ਦਿਵਿਆ ਪੀ ਨੂੰ ਮੰਗ ਪੱਤਰ ਸੌਂਪਿਆ। ਉਨ੍ਹਾਂ ਲਿਖਿਆ ਕਿ ਵਿਰੋਧ ਕਰਨ ਦੇ ਬਾਵਜੂਦ ਇਨ੍ਹਾਂ ਪਿੰਡਾਂ ਨੇੜੇ ਸਾਰੇ ਸ਼ਹਿਰ ਦਾ ਕੂੜਾ ਸੁੱਟਿਆ ਜਾਂਦਾ ਹੈ ਅਤੇ ਲਗਭਗ ਹਰ ਰੋਜ਼ ਕੂੜੇ ਨੂੰ ਅੱਗ ਲਗਾ ਦਿੱਤੀ ਜਾਂਦੀ ਹੈ, ਜਿਸ ਦੇ ਧੂੰਏਂ ਕਾਰਨ ਲੋਕ ਪ੍ਰੇਸ਼ਾਨ ਹਨ। ਉਨ੍ਹਾਂ ਦੱਸਿਆ ਕਿ ਡੰਪਿੰਡ ਗਰਾਊਂਡ ਦੇ 200 ਮੀਟਰ ਨੇੜੇ ਖੇਤਾਂ ਵਿੱਚ ਵੱਡੀ ਗਿਣਤੀ ਕਿਸਾਨਾਂ ਦੇ ਘਰ ਹਨ। ਕਿਸਾਨਾਂ ਨੇ ਇਤਰਾਜ਼ ਜਤਾਇਆ ਕਿ ਮਜਬੂਰੀਵੱਸ ਪਰਾਲੀ ਸਾੜਨ ਵਾਲੇ ਕਿਸਾਨਾਂ ਖ਼ਿਲਾਫ਼ ਪ੍ਰਸ਼ਾਸਨ ਨੇ ਪਰਚੇ ਕੀਤੇ ਪਰ ਡੰਪਿੰਗ ਗਰਾਊਂਡ ’ਚ ਲੱਗਦੀ ਅੱਗ ਦਾ ਧੂੰਆਂ ਸੈਟੇਲਾਈਟ ’ਚ ਕਿਉਂ ਦਿਖਾਈ ਨਹੀਂ ਦੇ ਰਿਹਾ।
ਉਨ੍ਹਾਂ ਕੂੜੇ ਨੂੰ ਅੱਗ ਲਾਉਣ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ, ਜਿਸ ’ਤੇ ਐੱਸ ਡੀ ਐੱਮ ਨੇ ਢੁੱਕਵੀਂ ਕਾਰਵਾਈ ਦਾ ਭਰੋਸਾ ਦਿੱਤਾ। ਇਸ ਮੌਕੇ ਸਰਬਜੀਤ ਸਿੰਘ, ਹਕੀਕਤ ਸਿੰਘ, ਮੇਹਰ ਸਿੰਘ ਅਤੇ ਭੁਪਿੰਦਰ ਸਿੰਘ ਹਾਜ਼ਰ ਸਨ।
