ਕਿਸਾਨਾਂ ਵੱਲੋਂ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਧਰਨਾ
ਇਸ ਮੌਕੇ ਜ਼ਿਲ੍ਹਾ ਅਧਿਕਾਰੀਆਂ ਨੂੰ ਕੇਂਦਰ ਅਤੇ ਰਾਜ ਸਰਕਾਰ ਲਈ ਸੌਂਪੇ ਮੰਗ ਪੱਤਰ ਵਿੱਚ ਹੜ੍ਹਾਂ ਨਾਲ ਫਸਲਾਂ ਦੇ ਹੋਏ ਨੁਕਸਾਨ ਦਾ ਘੱਟੋ-ਘੱਟ ਇੱਕ ਲੱਖ ਰੁਪਏ ਪ੍ਰਤੀ ਏਕੜ ਦੇਣ, ਜਾਨੀ ਨੁਕਸਾਨ ਝੱਲ ਰਹੇ ਪਰਿਵਾਰਾਂ ਨੂੰ ਘੱਟੋ-ਘੱਟ 25 ਲੱਖ ਰੁਪਏ ਪ੍ਰਤੀ ਪਰਿਵਾਰ, ਘਰਾਂ ਦਾ ਨੁਕਸਾਨ ਝੱਲਣ ਵਾਲੇ ਪਰਿਵਾਰਾਂ ਨੂੰ ਘੱਟੋ-ਘੱਟ 10 ਲੱਖ ਰੁਪਏ, ਮਿੱਟੀ ਭਰ ਕੇ ਖਰਾਬ ਹੋਏ ਖੇਤਾਂ ਦੀ ਮੁੜ ਬਹਾਲੀ ਲਈ ਵੱਖਰੇ ਰੂਪ ਵਿੱਚ ਇੱਕ ਲੱਖ ਰੁਪਏ ਪ੍ਰਤੀ ਏਕੜ ਅਤੇ ਪਸ਼ੂਆਂ ਦੇ ਹੋਏ ਨੁਕਸਾਨ ਲਈ ਇੱਕ ਲੱਖ ਰੁਪਏ ਦਾ ਮੁਆਵਜ਼ਾ ਦੇਣ ਦੀ ਮੰਗ ਕੀਤੀ।
ਇਸੇ ਤਰ੍ਹਾਂ ਝੋਨੇ ਦੀ ਵਿਸ਼ੇਸ਼ ਗਿਰਦਾਵਰੀ ਕਰਾ ਕੇ ਮੁਆਵਜ਼ਾ ਦੇਣ, ਹੜ੍ਹਾਂ ਦੇ ਕਾਰਨਾਂ ਦੀ ਜਾਂਚ ਕਰਾਉਣ, ਬੀਬੀਐੱਮਬੀ ਦਾ ਕੰਟਰੋਲ ਪੰਜਾਬ ਦੇ ਹੱਥ ਵਿਚ ਦੇਣ, ਕਿਸਾਨ ਅੰਦੋਲਨ ਦੌਰਾਨ ਮਾਰੇ ਗਏ ਕਿਸਾਨਾਂ ਦੇ ਪਰਿਵਾਰਾਂ ਨੂੰ ਨੌਕਰੀ ਦੇਣ, ਪਰਾਲੀ ਪ੍ਰਬੰਧਨ ਲਈ ਸਹਾਇਤਾ ਦੇਣ ਦੀ ਮੰਗ ਕੀਤੀ।
ਕਿਸਾਨਾਂ ਨੇ ਝੋਨੇ ਦੀ ਨਮੀ ਵਿਚ ਛੋਟ ਦੇਣ, ਸਿੱਲ ਮਾਪਣ ਵਾਲੇ ਮੀਟਰਾਂ ਦੀ ਗੁਣਵੱਤਾ ਦੀ ਜਾਂਚ ਕਰਨ, ਡੀਏਪੀ ਅਤੇ ਯੂਰੀਆ ਖਾਦ ਦੀ ਕਮੀ ਦੂਰ ਕਰਨ, ਗੰਨਾ ਕਾਸ਼ਤਕਾਰਾਂ ਦਾ ਬਾਕਾਇਆ ਦੇਣ, ਕਿਸਾਨਾਂ ਉੱਤੇ ਪਰਾਲੀ ਸਾੜਨ ਦੇ ਪਾਏ ਕੇਸ ਵਾਪਿਸ ਲੈਣ ਦੀ ਮੰਗ ਵੀ ਕੀਤੀ।