ਡਿਪਟੀ ਕਮਿਸ਼ਨਰ ਦੇ ਦਫ਼ਤਰ ਅੱਗੇ ਗੂੰਜੇ ਕਿਸਾਨਾਂ ਦੇ ਨਾਅਰੇ
ਸੰਯੁਕਤ ਕਿਸਾਨ ਮੋਰਚਾ ਵੱਲੋਂ ਦਿੱਤੇ ਸੱਦੇ ਤਹਿਤ ਅੱਜ ਮੁਹਾਲੀ ਦੇ ਡੀ ਸੀ ਦਫ਼ਤਰ ਦੇ ਬਾਹਰ ਕਿਸਾਨਾਂ ਨੇ ਤਿੰਨ ਘੰਟੇ ਲਈ ਧਰਨਾ ਲਗਾਇਆ। ਕਿਸਾਨਾਂ ਨੇ ਇਸ ਮੌਕੇ ਕੇਂਦਰ ਅਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਉਨ੍ਹਾਂ ਪ੍ਰਧਾਨ ਮੰਤਰੀ ਦੇ ਨਾਮ ਵਾਲਾ ਮੰਗ ਪੱਤਰ ਡਿਪਟੀ ਕਮਿਸ਼ਨਰ ਰਾਹੀਂ ਕੇਂਦਰ ਸਰਕਾਰ ਨੂੰ ਭੇਜਿਆ। ਕਿਸਾਨਾਂ ਕੋਲੋਂ ਇਹ ਮੰਗ ਪੱਤਰ ਐੱਸ ਡੀ ਐੱਮ ਮੁਹਾਲੀ ਦਮਨਦੀਪ ਕੌਰ ਨੇ ਪ੍ਰਾਪਤ ਕੀਤਾ।
ਇਸ ਮੌਕੇ ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਪੰਜਾਬ ਵਿਚ ਹੜ੍ਹਾਂ ਨਾਲ ਹੋਏ ਜਾਨੀ, ਮਾਲੀ, ਫ਼ਸਲੀ, ਪਸ਼ੂ ਧਨ ਤੇ ਹੋਰ ਵਸਤਾਂ ਦੀ ਭਰਪਾਈ ਲਈ ਕੇਂਦਰ ਤੁਰੰਤ ਮੁਆਵਜ਼ਾ ਦੇਵੇ। ਉਨ੍ਹਾਂ ਕਿਹਾ ਕਿ ਇਹ ਹੜ੍ਹ ਕੁਦਰਤੀ ਕਰੋਪੀ ਨਹੀਂ ਬਲਕਿ ਮਨੁੱਖੀ ਲਾਪ੍ਰਵਾਹੀ ਵਜੋਂ ਆਈ ਆਫਤ ਹੈ ਜਿਸ ਲਈ ਪੰਜਾਬ, ਕੇਂਦਰ ਸਰਕਾਰ ਅਤੇ ਭਾਖੜਾ ਬਿਆਸ ਮੈਨੇਜਮੈਂਟ ਮੁੱਖ ਰੂਪ ਵਿੱਚ ਜ਼ਿੰਮੇਵਾਰ ਹਨ।
ਕਿਸਾਨਾਂ ਨੇ ਇਸ ਦੀ ਉਚ ਪੱਧਰੀ ਜਾਂਚ ਵੀ ਮੰਗੀ। ਉਨ੍ਹਾਂ ਕੇਂਦਰ ਸਰਕਾਰ ਕੋਲੋਂ ਰਾਜ ਲਈ 25 ਹਜ਼ਾਰ ਕਰੋੜ ਦਾ ਪੈਕੇਜ ਮੰਗਿਆ। ਕਿਸਾਨਾਂ ਨੇ ਪੰਜਾਬ ਦੇ ਬਾਕੀ ਜ਼ਿਲ੍ਹਿਆਂ ਵਿੱਚ ਵੀ ਮੀਹਾਂ ਕਾਰਨ ਝੋਨੇ ਅਤੇ ਨਰਮੇ ਦਾ ਝਾੜ ਕ੍ਰਮਵਾਰ 7 ਕੁਇੰਟਲ ਅਤੇ 30-50 ਫੀਸਦੀ ਪ੍ਰਤੀ ਏਕੜ ਤੱਕ ਘਟਣ ਲਈ ਵੀ ਮੁਆਵਜ਼ਾ ਮੰਗਿਆ। ਹੜ੍ਹਾਂ ਵਿਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਲਈ ਸਰਕਾਰੀ ਨੌਕਰੀ ਵੀ ਮੰਗੀ ਗਈ। ਧਰਨੇ ਨੂੰ ਕਿਸਾਨ ਯੂਨੀਅਨ ਰਾਜੇਵਾਲ ਦੇ ਸੂਬਾ ਸਕੱਤਰ ਪਰਮਦੀਪ ਸਿੰਘ ਬੈਦਵਾਣ, ਕਿਰਪਾਲ ਸਿੰਘ ਸਿਆਊ, ਦਵਿੰਦਰ ਸਿੰਘ ਦੇਹ ਕਲਾਂ, ਜਸਪਾਲ ਸਿੰਘ ਨਿਆਮੀਆਂ, ਲਖਵਿੰਦਰ ਹੈਪੀ ਉਗਰਾਹਾਂ, ਸਤਨਾਮ ਸਿੰਘ ਚੜੂਨੀ, ਲਖਵਿੰਦਰ ਸਿੰਘ ਕਰਾਲਾ, ਅੰਗਰੇਜਲ ਸਿੰਘ ਡਕੌਂਦਾ, ਜਸਵੰਤ ਸਿੰਘ ਪੂਨੀਆ, ਤਰਲੋਚਨ ਸਿੰਘ ਪੁਆਧ, ਦਰਸ਼ਨ ਸਿੰਘ ਦੁਰਾਲੀ, ਰਣਵੀਰ ਸਿੰਘ ਗਰੇਵਾਲ, ਗੁਰਮੀਤ ਸਿੰਘ ਖੂਨੀਮਾਜਰਾ, ਜਗਜੀਤ ਸਿੰਘ ਕਰਾਲਾ, ਗੁਰਪ੍ਰੀਤ ਸਿੰਘ, ਜਗਪਾਲ ਸਿੰਘ, ਜਗਤਾਰ ਸਿੰਘ ਝਰਮੜੀ, ਹਰਜੀਤ ਸਿੰਘ, ਰਾਜੇਸ਼ ਕੁਮਾਰ, ਵਿਜੈ ਕੁਮਾਰ, ਅਮਰਜੀਤ ਸਿੰਘ, ਅਮਰ ਸਿੰਘ ਛੱਤ, ਗੁਰਪ੍ਰੀਤ ਸਿੰਘ, ਜਸਵੀਰ ਸਿੰਘ, ਬਰਿੰਦਰ ਸਿੰਘ ਨੇ ਸੰਬੋਧਨ ਕੀਤਾ।