ਕਿਸਾਨਾਂ ਵੱਲੋਂ ਹਸਪਤਾਲ ਅੱਗੇ ਨਾਅਰੇਬਾਜ਼ੀ
ਇੱਥੋਂ ਰਾਜਪੁਰਾ ਨੂੰ ਜਾਂਦੇ ਕੌਮੀ ਮਾਰਗ ’ਤੇ ਸਥਿਤ ਨੀਲਮ ਹਸਪਤਾਲ ਅੱਗੇ ਕਿਸਾਨ ਯੂਨੀਅਨ ਆਜ਼ਾਦ ਵੱਲੋਂ ਲਾਇਆ ਧਰਨਾ ਅੱਜ ਪੰਜਵੇਂ ਦਿਨ ਵੀ ਜਾਰੀ ਰਿਹਾ। ਪੀੜਤ ਪਰਿਵਾਰ ਤੇ ਕਿਸਾਨ ਜਥੇਬੰਦੀਆਂ ਨੇ ਹਸਪਤਾਲ ਦੇ ਮੁੱਖ ਗੇਟ ਅੱਗੇ ਬੈਠਣ ’ਤੇ ਪੁਲੀਸ ਅਤੇ ਕਿਸਾਨਾਂ ਵਿੱਚ ਗਰਮਾ-ਗਰਮੀ ਵੀ ਹੋਈ।
ਧਰਨੇ ਨੂੰ ਸੰਬੋਧਨ ਕਰਦਿਆਂ ਕਰਨੈਲ ਸਿੰਘ ਲੰਗ, ਗੁਰਦੇਵ ਸਿੰਘ ਗੱਜੂ ਮਾਜਰਾ, ਚਮਕੌਰ ਸਿੰਘ ਆਦਿ ਨੇ ਕਿਹਾ ਕਿ ਹਸਪਤਾਲ ਵਿੱਚ ਫੱਗਣਮਾਜਰਾ ਦੇ ਵਸਨੀਕ ਬਹਾਦਰ ਸਿੰਘ ਦੀ ਪਤਨੀ ਅਮਰਜੀਤ ਕੌਰ ਦੀ ਹਸਪਤਾਲ ਦੇ ਡਾਕਟਰਾਂ ਦੀ ਕਥਿਤ ਅਣਗਹਿਲੀ ਕਾਰਨ ਮੌਤ ਹੋ ਗਈ ਸੀ। ਪੀੜਤ ਪਰਿਵਾਰ ਇਨਸਾਫ਼ ਲਈ ਕਈ ਵਾਰ ਪੁਲੀਸ ਅਧਿਕਾਰੀਆ ਨੂੰ ਮਿਲ ਚੁੱਕਾ ਹੈ। ਇਸ ਮੌਕੇ ਧਰਨਾਕਾਰੀਆਂ ਨੂੰ ਮੁੱਖ ਗੇਟ ਅੱਗੇ ਬੈਠਣ ਤੋਂ ਰੋਕਣ ਲਈ ਡੀ ਐੱਸ ਪੀ ਰਾਜਪੁਰਾ ਮਨਜੀਤ ਸਿੰਘ, ਇੰਸਪੈਕਟਰ ਗੁਰਸੇਵਕ ਸਿੰਘ, ਥਾਣਾ ਬਨੂੜ ਦੇ ਐੱਸ ਐੱਚ ਓ ਇੰਸਪੈਕਟਰ ਅਰਸ਼ਦੀਪ ਸ਼ਰਮਾ, ਸਬ ਇੰਸਪੈਕਟਰ ਦਵਿੰਦਰ ਸਿੰਘ ਪੁਲੀਸ ਪਾਰਟੀ ਨਾਲ ਪਹੁੰਚੇ ਤੇ ਕਿਸਾਨਾਂ ਨੂੰ ਇੱਕ ਗੇਟ ਅੱਗੇ ਧਰਨਾ ਲਾਉਣ ਦੀ ਅਪੀਲ ਕੀਤੀ ਪਰ ਕਿਸਾਨਾਂ ਨੇ ਇਨਕਾਰ ਕਰ ਦਿੱਤਾ ਅਤੇ ਪੁਲੀਸ ’ਤੇ ਹਸਪਤਾਲ ਪ੍ਰਬੰਧਕਾਂ ਦਾ ਪੱਖ ਪੂਰਨ ਦੇ ਦੋਸ਼ ਲਗਾਏ।
ਧਰਨਾਕਾਰੀਆਂ ਨੇ ਐਲਾਨ ਕੀਤਾ ਕਿ ਜੇ ਹਸਪਤਾਲ ਦੇ ਪ੍ਰਬੰਧਕਾਂ ਨੇ ਪੀੜਤ ਪਰਿਵਾਰ ਨੂੰ ਇਨਸਾਫ਼ ਤੇ 10 ਲੱਖ ਰੁਪਏ ਦਾ ਮੁਆਵਜ਼ਾ ਨਾ ਦਿੱਤਾ ਤਾਂ ਉਹ ਭਲਕੇ ਕੌਮੀ ਮਾਰਗ ਤੇ ਆਵਾਜਾਈ ਠੱਪ ਕਰ ਦੇਣਗੇ।
ਸਾਰੇ ਦੋਸ਼ ਬੇਬੁਨਿਆਦ: ਵੱਤਸ
ਹਸਪਤਾਲ ਦੇ ਪ੍ਰਬੰਧਕੀ ਅਧਿਕਾਰੀ ਡਾ. ਸੰਦੀਪ ਵੱਤਸ ਪਹਿਲੇ ਦਿਨ ਤੋਂ ਕਿਸਾਨ ਜਥੇਬੰਦੀ ਤੇ ਧਰਨਾਕਾਰੀਆਂ ਵੱਲੋਂ ਲਗਾਏ ਦੋਸ਼ਾਂ ਨੂੰ ਰੱਦ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਹਸਪਤਾਲ ਹਰ ਤਰ੍ਹਾਂ ਦੀ ਜਾਂਚ ਲਈ ਤਿਆਰ ਹੈ ਤੇ ਸਿਹਤ ਵਿਭਾਗ ਜਾਂ ਪ੍ਰਸ਼ਾਸਨ ਨੂੰ ਮਾਮਲੇ ਦੀ ਪੜਤਾਲ ਕਰ ਲੈਣੀ ਚਾਹੀਦੀ ਹੈ।
