ਹਸਪਤਾਲ ਅੱਗੇ ਕਿਸਾਨਾਂ ਦਾ ਧਰਨਾ ਜਾਰੀ
ਪਿੰਡ ਫੱਗਣਮਾਜਰਾ ਦੀ ਅਮਰਜੀਤ ਕੌਰ (42) ਦੀ ਮੌਤ ਤੋਂ ਬਾਅਦ ਬਨੂੜ ਤੋਂ ਰਾਜਪੁਰਾ ਨੂੰ ਜਾਂਦੇ ਕੌਮੀ ਮਾਰਗ ’ਤੇ ਸਥਿਤ ਨੀਲਮ ਹਸਪਤਾਲ ਸਾਹਮਣੇ ਪੀੜਤ ਪਰਿਵਾਰ ਅਤੇ ਕਿਸਾਨ ਯੂਨੀਅਨ ਆਜ਼ਾਦ ਦਾ ਧਰਨਾ ਅੱਜ ਦੂਜੇ ਦਿਨ ਵੀ ਜਾਰੀ ਰਿਹਾ। ਧਰਨੇ ’ਤੇ ਬੈਠੇ ਭਾਰਤੀ ਕਿਸਾਨ ਯੂਨੀਅਨ ਆਜ਼ਾਦ ਦੇ ਸੂਬਾਈ ਆਗੂ ਕਰਨੈਲ ਸਿੰਘ ਲੰਗ, ਪਰਮਜੀਤ ਸਿੰਘ ਹਰਦਾਸਪੁਰ, ਹਰਬੰਸ ਸਿੰਘ ਬਾਰਨ, ਹਰਬੰਸ ਸਿੰਘ ਰੀਠਖੇੜੀ, ਗੁਲਜ਼ਾਰ ਸਿੰਘ, ਸੁਖਵਿੰਦਰ ਸਿੰਘ ਸਾਬਕਾ ਸਰਪੰਚ ਫੱਗਣਮਾਜਰਾ, ਬਹਾਦਰ ਸਿੰਘ, ਗੁਰਮੇਲ ਸਿੰਘ, ਰਣਜੀਤ ਸਿੰਘ, ਗਮਦੂਰ ਸਿੰਘ ਬਾਬਰਪੁਰ, ਜਰਨੈਲ ਸਿੰਘ ਬਾਬਰਪੁਰ, ਜਰਨੈਲ ਸਿੰਘ ਤੁੰਗਾਂ, ਜਸਮੇਲ ਸਿੰਘ ਅਤੇ ਅਮਰਜੀਤ ਦੇ ਪਤੀ ਬਹਾਦਰ ਸਿੰਘ ਨੇ ਆਖਿਆ ਕਿ ਜਦੋਂ ਤੱਕ ਉਨ੍ਹਾਂ ਨੂੰ ਇਨਸਾਫ਼ ਨਹੀਂ ਮਿਲਦਾ ਉਹ ਧਰਨਾ ਨਿਰੰਤਰ ਜਾਰੀ ਰੱਖਣਗੇ। ਉਨ੍ਹਾਂ ਕਿਹਾ ਕਿ ਜੇਕਰ ਹਸਪਤਾਲ ਪ੍ਰਬੰਧਨ ਅਤੇ ਪ੍ਰਸਾਸ਼ਨ ਵੱਲੋਂ ਮਹਿਲਾ ਦੇ ਇਲਾਜ ਵਿਚ ਅਣਗਹਿਲੀ ਲਈ ਜ਼ਿੰਮੇਵਾਰ ਡਾਕਟਰ ਤੇ ਹੋਰਨਾਂ ਖ਼ਿਲਾਫ਼ ਕਾਰਵਾਈ ਨਹੀਂ ਹੁੰਦੀ ਤਾਂ ਇੱਥੇ ਵੱਡਾ ਇਕੱਠ ਸੱਦਿਆ ਜਾਵੇਗਾ। ਦੂਜੇ ਪਾਸੇ ਹਸਪਤਾਲ ਦੇ ਪ੍ਰਬੰਧਕੀ ਅਧਿਕਾਰੀ ਡਾ ਸੰਦੀਪ ਵੱਤਸ ਪਹਿਲਾਂ ਹੀ ਸਪੱਸ਼ਟ ਕਰ ਚੁੱਕੇ ਹਨ ਕਿ ਇਲਾਜ ਵਿਚ ਕੋਈ ਅਣਗਹਿਲੀ ਨਹੀਂ ਵਰਤੀ ਗਈ।
