ਕਿਸਾਨ ਆਗੂ ਨੂੰ ਹਿਰਾਸਤ ’ਚ ਲਿਆ
ਕਿਸਾਨ ਮਜ਼ਦੂਰ ਮੋਰਚਾ ਤੇ ਉਨ੍ਹਾਂ ਦੀਆਂ ਸਹਿਯੋਗੀ ਕਿਸਾਨ ਜਥੇਬੰਦੀਆਂ ਵੱਲੋਂ ਆਪਣੀਆਂ ਮੰਗਾਂ ਦੇ ਹੱਕ ਵਿਚ ਦੋ ਘੰਟੇ ਲਈ ਪੰਜਾਬ ਭਰ ਵਿਚ ਰੇਲ ਰੋਕੋ ਦੇ ਦਿੱਤੇ ਸੱਦੇ ਨੂੰ ਠੁੱਸ ਕਰਨ ਦੇ ਮੰਤਵ ਨਾਲ ਅੱਜ ਸਵੇਰੇ ਸਾਢੇ ਕੁ ਨੌਂ ਕੁ ਵਜੇ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਮੁਹਾਲੀ ਦੇ ਪ੍ਰਧਾਨ ਗੁਰਪ੍ਰਤਾਪ ਸਿੰਘ ਬੜ੍ਹੀ ਨੂੰ ਉਨ੍ਹਾਂ ਦੇ ਘਰੋਂ ਪਿੰਡ ਬੜ੍ਹੀ ਤੋਂ ਪੁਲੀਸ ਨੇ ਹਿਰਾਸਤ ਵਿਚ ਲੈ ਲਿਆ। ਇਸ ਮਗਰੋਂ ਉਨ੍ਹਾਂ ਨੂੰ ਥਾਣਾ ਆਈ ਟੀ ਸਿਟੀ ਵਿਖੇ ਲਿਆਂਦਾ ਗਿਆ, ਜਿੱਥੋਂ ਬਾਅਦ ਦੁਪਹਿਰ ਸਾਢੇ ਤਿੰਨ ਵਜੇ ਦੇ ਕਰੀਬ ਛੱਡਿਆ ਗਿਆ। ਗੁਰਪ੍ਰਤਾਪ ਬੜੀ ਨੇ ਉਨ੍ਹਾਂ ਨੂੰ ਹਿਰਾਸਤ ਵਿਚ ਲੈਣ ਦੀ ਨਿਖ਼ੇਧੀ ਕਰਦਿਆਂ ਕਿਹਾ ਕਿ ਆਪਣੇ ਆਪ ਨੂੰ ਕਿਸਾਨਾਂ ਦੀ ਹਿਤੈਸ਼ੀ ਅਖਵਾਉਣ ਵਾਲੀ ਸਰਕਾਰ ਦਾ ਕਿਸਾਨ ਵਿਰੋਧੀ ਚਿਹਰਾ ਅੱਜ ਸਾਹਮਣੇ ਆ ਗਿਆ ਹੈ, ਜਦੋਂ ਉਨ੍ਹਾਂ ਨੂੰ ਸਾਂਤਮਈ ਢੰਗ ਨਾਲ ਰੋਸ ਪ੍ਰਦਰਸ਼ਨ ਤੋਂ ਵੀ ਰੋਕਿਆ ਜਾ ਰਿਹਾ ਹੈ। ਇਸੇ ਤਰਾਂ ਪੁਲੀਸ ਨੇ ਸਬੰਧਤ ਜਥੇਬੰਦੀ ਦੇ ਪੁਆਧ ਖੇਤਰ ਦੇ ਪ੍ਰਧਾਨ ਮੱਖਣ ਸਿੰਘ ਫੌਜੀ ਗੀਗੇਮਾਜਰਾ ਦੇ ਘਰ ਵੀ ਛਾਪੇ ਮਾਰੇ ਪਰ ਉਹ ਭਿਣਕ ਪੈਣ ’ਤੇ ਪਹਿਲਾਂ ਹੀ ਘਰੋਂ ਬਾਹਿਰ ਚਲੇ ਗਏ। ਕਿਸਾਨ ਆਗੂਆਂ ਨੇ ਪੁਲੀਸ ਦੀ ਕਾਰਵਾਈ ਦੀ ਨਿਖੇਧੀ ਕਰਦਿਆਂ ਜਥੇਬੰਦੀਆਂ ਵੱਲੋਂ ਦਿੱਤੇ ਜਾਣ ਵਾਲੇ ਅਗਲੇ ਪ੍ਰੋਗਰਾਮ ਲਈ ਲਾਮਬੰਦੀ ਕਰਨ ਦਾ ਐਲਾਨ ਕੀਤਾ ਹੈ।
