ਕਿਸਾਨ ਵੱਲੋਂ ਮੁੱਖ ਮੰਤਰੀ ਅਤੇ ਡੀਜੀਪੀ ਤੋਂ ਇਨਸਾਫ਼ ਦੀ ਮੰਗ
ਜ਼ਮੀਨ ’ਤੇ ਹੋਏ ਗ਼ੈਰ-ਕਾਨੂੰਨੀ ਕਬਜ਼ੇ ਨੂੰ ਛੁਡਾਉਣ ਦੀ ਕੀਤੀ ਮੰਗ
Advertisement
ਪਿੰਡ ਰਾਏਪੁਰ ਦੇ ਵਸਨੀਕ ਸੁੱਚਾ ਸਿੰਘ ਪੁੱਤਰ ਅਜੀਤ ਸਿੰਘ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਡੀਜੀਪੀ ਤੋਂ ਇਨਸਾਫ਼ ਦੇਣ ਦੀ ਮੰਗ ਕੀਤੀ ਹੈ। ਇੱਥੇ ਮੁਹਾਲੀ ਪ੍ਰੈੱਸ ਕਲੱਬ ਵਿੱਚ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਉਸ ਨੇ ਕਿਹਾ ਕਿ ਉਹ ਪਿੰਡ ਹਸਨਪੁਰ ਵਿੱਚ 16 ਕਨਾਲ, ਦੋ ਮਰਲੇ ਜ਼ਮੀਨ ਦਾ ਮਾਲਕ ਹੈ। ਉਸ ਨੇ ਦੱਸਿਆ ਕਿ ਖਰੜ ਦੇ ਇੱਕ ਬਿਲਡਰ ਵੱਲੋਂ ਉਸ ਦੀ ਇੱਕ ਏਕੜ ਜ਼ਮੀਨ ਸਾਲ 2015 ਵਿੱਚ ਖਰੀਦੀ ਗਈ ਸੀ ਜਦਕਿ ਇਸ ਦੀ ਰਾਸ਼ੀ ਵੀ ਉਸ ਨੂੰ ਅਦਾਲਤ ਵਿੱਚ ਜਾ ਕੇ ਵਸੂਲਣੀ ਪਈ।
ਉਸ ਨੇ ਕਿਹਾ ਕਿ ਸਬੰਧਤ ਬਿਲਡਰ ਵੱਲੋਂ ਉਸ ਦੀ ਸਾਰੀ ਜ਼ਮੀਨ ਦਾ ਸੀਐੱਲਯੂ ਤਬਦੀਲ ਕਰਾ ਲਿਆ ਗਿਆ, ਜਿਸ ਸਬੰਧੀ ਉਨ੍ਹਾਂ ਪੁਲੀਸ ਦਰਖਾਸਤ ਮਗਰੋਂ ਕੇਸ ਵੀ ਦਰਜ ਕਰਵਾਇਆ। ਉਸ ਨੇ ਕਿਹਾ ਕਿ ਬਿਲਡਰ ਵੱਲੋਂ ਉਨ੍ਹਾਂ ਨੂੰ ਇਕਰਾਰ ਅਨੁਸਾਰ ਪਲਾਟ ਅਤੇ ਸ਼ੋਅ ਰੂਮ ਵੀ ਨਹੀਂ ਦਿੱਤੇ ਗਏ। ਉਸ ਨੇ ਦੋਸ਼ ਲਾਇਆ ਕਿ ਜਿਹੜੀ ਜ਼ਮੀਨ ਉਨ੍ਹਾਂ ਵੱਲੋਂ ਵੇਚੀ ਵੀ ਨਹੀਂ ਗਈ ਸੀ ਤੇ ਅਦਾਲਤ ਵੱਲੋਂ ਵੀ ਸਟੇਅ ਮਿਲੀ ਹੋਈ ਹੈ, ਉਸ ਉੱਤੇ ਵੀ ਬਿਲਡਰ ਵੱਲੋਂ ਨਾਜਾਇਜ਼ ਉਸਾਰੀ ਕਰਵਾਈ ਜਾ ਰਹੀ ਹੈ। ਉਸ ਨੇ ਦੱਸਿਆ ਇਸ ਸਬੰਧੀ ਉਨ੍ਹਾਂ ਦੀ ਕਿਧਰੇ ਵੀ ਸੁਣਵਾਈ ਨਹੀਂ ਹੋ ਰਹੀ।
Advertisement
ਪੀੜਤ ਕਿਸਾਨ ਨੇ ਮੰਗ ਕੀਤੀ ਕਿ ਉਨ੍ਹਾਂ ਨੂੰ ਇਨਸਾਫ਼ ਦਿੱਤਾ ਜਾਵੇ ਅਤੇ ਜ਼ਮੀਨ ਵਿੱਚ ਹੋਈ ਨਾਜਾਇਜ਼ ਉਸਾਰੀ ਖਾਲੀ ਕਰਵਾਈ ਜਾਵੇ।
Advertisement