ਫ਼ਰਜ਼ੀ ਮੁਕਾਬਲੇ: ਸਾਬਕਾ ਐੱਸਐੱਸਪੀ ਤੇ ਡੀਐੱਸਪੀ ਸਣੇ ਪੰਜ ਨੂੰ ਉਮਰ ਕੈਦ
ਇਥੇ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ 1993 ਵਿੱਚ ਤਰਨ ਤਾਰਨ ਜ਼ਿਲ੍ਹੇ ’ਚ ਹੋਏ ਦੋ ਫਰਜ਼ੀ ਪੁਲੀਸ ਮੁਕਾਬਲਿਆਂ ’ਚ ਦੋਸ਼ੀ ਐਲਾਨੇ ਸਾਬਕਾ ਐੱਸਐੱਸਪੀ ਤੇ ਡੀਐੱਸਪੀ ਸਣੇ ਪੰਜ ਪੁਲੀਸ ਮੁਲਾਜ਼ਮਾਂ ਨੂੰ ਅੱਜ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਵੱਖ-ਵੱਖ ਧਾਰਾਵਾਂ ਤਹਿਤ ਸੁਣਾਈ ਸਜ਼ਾ ਇਕੱਠੀ ਚੱਲੇਗੀ। ਇਨ੍ਹਾਂ ਮੁਕਾਬਲਿਆਂ ’ਚ ਤਿੰਨ ਐੱਸਪੀਓਜ਼ ਸਮੇਤ ਸੱਤ ਨੌਜਵਾਨ ਮਾਰੇ ਗਏ ਸਨ।
ਸਜ਼ਾ ਸੁਣਾਏ ਜਾਣ ਮੌਕੇ ਪੰਜ ਦੋਸ਼ੀਆਂ ’ਚੋਂ ਸਿਰਫ਼ ਦੋ ਸਾਬਕਾ ਇੰਸਪੈਕਟਰ ਗੁਲਬਰਗ ਸਿੰਘ ਅਤੇ ਰਘਬੀਰ ਸਿੰਘ ਹੀ ਅਦਾਲਤ ਵਿਚ ਹਾਜ਼ਰ ਸਨ, ਜਦਕਿ ਐੱਸਐੱਸਪੀ ਭੁਪਿੰਦਰਜੀਤ ਸਿੰਘ, ਸਾਬਕਾ ਡੀਐੱਸਪੀ ਦਵਿੰਦਰ ਸਿੰਘ ਅਤੇ ਸਾਬਕਾ ਇੰਸਪੈਕਟਰ ਸੂਬਾ ਸਿੰਘ ਨੇ ਪਟਿਆਲਾ ਜੇਲ੍ਹ ’ਚੋਂ ਵੀਡੀਓ ਕਾਨਫਰੰਸਿੰਗ ਰਾਹੀਂ ਹੀ ਸਜ਼ਾ ਸੁਣੀ।
ਅਦਾਲਤ ਨੇ ਸਾਰਿਆਂ ਨੂੰ ਜੁਰਮਾਨੇ ਵੀ ਲਾਏ ਹਨ ਅਤੇ ਇਹ ਜੁਰਮਾਨੇ ਦੀ ਰਾਸ਼ੀ ਪੀੜਤ ਪਰਿਵਾਰਾਂ ਨੂੰ ਮੁਹੱਈਆ ਕਰਵਾਉਣ ਦੀ ਹਦਾਇਤ ਕੀਤੀ ਹੈ। ਇਸੇ ਤਰ੍ਹਾਂ ਅਦਾਲਤ ਨੇ ਜ਼ਿਲ੍ਹਾ ਕਾਨੂੰਨੀ ਅਥਾਰਿਟੀ ਨੂੰ ਇਨ੍ਹਾਂ ਪਰਿਵਾਰਾਂ ਨੂੰ ਹੋਰ ਮੁਆਵਜ਼ਾ ਦੇਣ ਦਾ ਮਾਮਲਾ ਵਿਚਾਰਨ ਲਈ ਵੀ ਆਖਿਆ ਹੈ।
ਅਦਾਲਤ ਨੇ ਭੁਪਿੰਦਰਜੀਤ ਸਿੰਘ ਨੂੰ ਵੱਖ-ਵੱਖ ਧਾਰਾਵਾਂ ਤਹਿਤ ਉਮਰ ਕੈਦ ਦੀ ਸਜ਼ਾ ਅਤੇ ਸਾਢੇ ਤਿੰਨ ਲੱਖ ਦਾ ਜੁਰਮਾਨਾ ਕੀਤਾ ਹੈ। ਵੱਖ-ਵੱਖ ਧਾਰਾਵਾਂ ਤਹਿਤ ਵੱਖੋ-ਵੱਖਰੀ ਸਜ਼ਾ ਐਲਾਨੀ ਗਈ, ਜਿਨ੍ਹਾਂ ਤਹਿਤ ਦੋ ਧਾਰਾਵਾਂ ਵਿੱਚ ਉਮਰ ਕੈਦ ਅਤੇ ਤਿੰਨ ਲੱਖ ਜੁਰਮਾਨਾ ਅਤੇ ਦੋ ਧਾਰਾਵਾਂ ਤਹਿਤ ਤਿੰਨ-ਤਿੰਨ ਸਾਲ ਦੀ ਕੈਦ ਅਤੇ ਪੰਜਾਹ ਹਜ਼ਾਰ ਦਾ ਜੁਰਮਾਨਾ ਸ਼ਾਮਲ ਹੈ।
ਸਾਬਕਾ ਡੀਐੱਸਪੀ ਦਵਿੰਦਰ ਸਿੰਘ ਨੂੰ ਦੋ ਧਾਰਾਵਾਂ ਤਹਿਤ ਉਮਰ ਕੈਦ ਅਤੇ ਤਿੰਨ ਲੱਖ ਰੁਪਏ ਜੁਰਮਾਨਾ, ਜਦਕਿ ਦੋ ਹੋਰ ਧਾਰਾਵਾਂ ਤਹਿਤ ਤਿੰਨ-ਤਿੰਨ ਸਾਲ ਦੀ ਕੈਦ ਅਤੇ ਪੰਜਾਹ ਹਜ਼ਾਰ ਜੁਰਮਾਨਾ ਕੀਤਾ ਗਿਆ ਹੈ। ਇਸੇ ਤਰ੍ਹਾਂ ਸਾਬਕਾ ਇੰਸਪੈਕਟਰ ਸੂਬਾ ਸਿੰਘ ਨੂੰ ਦੋ ਧਾਰਾਵਾਂ ਤਹਿਤ ਉਮਰ ਕੈਦ ਅਤੇ ਤਿੰਨ ਲੱਖ ਰੁਪਏ ਜੁਰਮਾਨਾ ਤੇ ਦੋ ਹੋਰ ਧਾਰਾਵਾਂ ਤਹਿਤ ਤਿੰਨ-ਤਿੰਨ ਸਾਲ ਦੀ ਕੈਦ ਅਤੇ ਪੰਜਾਹ ਹਜ਼ਾਰ ਜੁਰਮਾਨਾ ਕੀਤਾ ਗਿਆ। ਇਸੇ ਤਰ੍ਹਾਂ ਸਾਬਕਾ ਇੰਸਪੈਕਟਰ ਗੁਲਬਰਗ ਸਿੰਘ ਅਤੇ ਸਾਬਕਾ ਇੰਸਪੈਕਟਰ ਰਘਬੀਰ ਸਿੰਘ ਨੂੰ ਵੀ ਉਮਰ ਕੈਦ ਅਤੇ ਸਾਢੇ ਤਿੰਨ ਲੱਖ ਦੇ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ।
ਜ਼ਿਕਰਯੋਗ ਹੈ ਕਿ 1993 ਵਿੱਚ ਪੁਲੀਸ ਵੱਲੋਂ ਦੋ ਫਰਜ਼ੀ ਪੁਲੀਸ ਮੁਕਾਬਲਿਆਂ ਵਿਚ ਸੱਤ ਨੌਜਵਾਨ ਮਾਰੇ ਗਏ ਸਨ। ਇਨ੍ਹਾਂ ’ਚੋਂ ਸ਼ਿੰਦਰ ਸਿੰਘ, ਦੇਸਾ ਸਿੰਘ, ਸੁਖਦੇਵ ਸਿੰਘ, ਬਲਕਾਰ ਸਿੰਘ ਇੱਕੋ ਪਿੰਡ ਰਾਣੀ ਵਿਲਾਹ (ਤਰਨ ਤਾਰਨ) ਦੇ ਸਨ। ਬਾਕੀ ਤਿੰਨ ਨੌਜਵਾਨਾਂ ਵਿਚ ਹਰਵਿੰਦਰ ਸਿੰਘ ਕੈਥਲ, ਸਰਬਜੀਤ ਸਿੰਘ ਹੰਸਾਵਾਲਾ ਅਤੇ ਮੰਗਲ ਸਿੰਘ ਕਰਮੂਵਾਲਾ ਸ਼ਾਮਲ ਸਨ। ਸ਼ਿੰਦਰ ਸਿੰਘ ਦੀ ਵਿਧਵਾ ਨਰਿੰਦਰ ਕੌਰ ਦੇ ਬਿਆਨਾਂ ਦੇ ਆਧਾਰ ’ਤੇ ਦਰਜ ਹੋਏ ਕੇਸ ਵਿੱਚ ਪੁਲੀਸ ਨੇ ਦਸ ਮੁਲਜ਼ਮ ਨਾਮਜ਼ਦ ਕੀਤੇ ਸਨ, ਜਿਨ੍ਹਾਂ ’ਚੋਂ ਪੰਜ ਕੇਸ ਦੀ ਸੁਣਵਾਈ ਦੌਰਾਨ ਮੌਤ ਹੋ ਚੁੱਕੀ ਹੈ।
ਪੀੜਤ ਪਰਿਵਾਰ ਅਦਾਲਤ ਦੇ ਫ਼ੈਸਲੇ ਤੋਂ ਸੰਤੁਸ਼ਟ
ਮੁਕਾਬਲੇ ਵਿੱਚ ਮਾਰੇ ਗਏ ਸ਼ਿੰਦਰ ਸਿੰਘ ਦੀ ਪਤਨੀ ਨਿੰਦਰ ਕੌਰ ਅਤੇ ਹੋਰਨਾਂ ਪੀੜਤਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਦਾਲਤ ਦੇ ਫੈਸਲੇ ’ਤੇ ਸਤੁੰਸ਼ਟੀ ਜ਼ਾਹਰ ਕੀਤੀ ਹੈ। ਉਨ੍ਹਾਂ ਕਿਹਾ ਕਿ ਝੂਠੇ ਪੁਲੀਸ ਮੁਕਾਬਲਿਆਂ ਦਾ ਇਨਸਾਫ਼ ਲੈਣ ਲਈ ਤਿੰਨ ਦਹਾਕੇ ਲੱਗ ਗਏ ਪਰ ਅੱਜ ਉਨ੍ਹਾਂ ਨੂੰ ਖੁਸ਼ੀ ਹੈ ਕਿ ਉਨ੍ਹਾਂ ਨੂੰ ਇਨਸਾਫ਼ ਮਿਲ ਗਿਆ ਹੈ। ਉਨ੍ਹਾਂ ਸਰਕਾਰ ਤੋਂ ਵੀ ਆਪਣੇ ਬੱਚਿਆਂ ਦੇ ਵਸੇਬੇ ਲਈ ਰੁਜ਼ਗਾਰ ਤੇ ਮੁਆਵਜ਼ੇ ਦੀ ਮੰਗ ਕੀਤੀ।