ਫੇਸਬੁੱਕ ਤੇ ਗੂਗਲ ਨੂੰ ਮੁੱਖ ਮੰਤਰੀ ਭਗਵੰਤ ਮਾਨ ਦਾ ਏਆਈ ਨਾਲ ਬਣਾਇਆ ਡੀਪ ਫੇਕ ਵੀਡੀਓ ਹਟਾਉਣ ਦਾ ਹੁਕਮ
ਮੁਹਾਲੀ ਦੀ ਕੋਰਟ ਨੇ ਫੇਸਬੁੱਕ ਤੇ ਗੂਗਲ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਏਆਈ ਦੀ ਮਦਦ ਨਾਲ ਤਿਆਰ ਡੀਪ ਫੇਕ ਵੀਡੀਓ ਇੰਟਰਨੈੱਟ ਤੋਂ ਹਟਾਉਣ ਦੇ ਹੁਕਮ ਦਿੱਤੇ ਹਨ।
ਆਮ ਆਦਮੀ ਪਾਰਟੀ ਨੇ ਐਕਸ ’ਤੇ ਇਕ ਪੋਸਟ ਵਿਚ ਕਿਹਾ, ‘‘ਪੰਜਾਬ ਦੇ ਮੁੱਖ ਮੰਤਰੀ ਦਾ ਇੱਕ ਏਆਈ ਡੀਪ ਫੇਕ ਵੀਡੀਓ ਸੱਜੇ-ਪੱਖੀ ਟਰੋਲਰਜ਼ ਵੱਲੋਂ ਸਾਂਝਾ ਕੀਤਾ ਜਾ ਰਿਹਾ ਹੈ। ਇਹ ਇੱਕ ਫ਼ਰਜ਼ੀ ਵੀਡੀਓ ਹੈ ਅਤੇ ਕੋਰਟ ਨੇ ਇਸ ਨੂੰ ਹਟਾਉਣ ਦੇ ਨਿਰਦੇਸ਼ ਦਿੱਤੇ ਹਨ।’’
ਕੋਰਟ ਨੇ 22 ਅਕਤੂਬਰ ਨੂੰ ਜਾਰੀ ਹੁਕਮਾਂ ਵਿਚ ਫੇਸਬੁੱਕ ਤੇ ਗੂਗਲ ਨੂੰ ਸਾਰੀ ਅਪਮਾਨਜਨਕ ਸਮੱਗਰੀ ਹਟਾਉਣ ਅਤੇ ਸਬੰਧਤ ਰਿਕਾਰਡ ਨੂੰ ਸੁਰੱਖਿਅਤ ਰੱਖਣ ਲਈ ਕਿਹਾ ਹੈ।
ਕਾਬਿਲੇਗੌਰ ਹੈ ਕਿ ਦੋ ਫ਼ਿਰਕਿਆਂ ਦਰਮਿਆਨ ਦੁਸ਼ਮਣੀ ਭੜਕਾਉਣ ਲਈ ਸੋਸ਼ਲ ਮੀਡੀਆ ’ਤੇ ‘ਅਸ਼ਲੀਲ ਤੇ ਗੈਰ-ਕਾਨੂੰਨੀ’ ਸਮੱਗਰੀ ਪੋਸਟ ਕਰਨ ਲਈ 21 ਅਕਤੂਬਰ ਨੂੰ ਕੈਨੇਡੀਅਨ ਨਿਵਾਸੀ ਜਗਮਨ ਸਮਰਾ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ।
ਪੁਲੀਸ ਨੇ ਕਿਹਾ ਕਿ ‘ਜਗਮਨ ਸਮਰਾ’ ਨਾਂ ਦੇ ਫੇਸਬੁੱਕ ਅਕਾਊਂਟ ਦੇ ਉਪਭੋਗਤਾਵਾਂ ਨੇ https://www.facebook.com/jagman.samra.369309 ਵਾਲੇ URL ਲਿੰਕ ਕਈ ਪੋਸਟਾਂ ਅਪਲੋਡ ਕੀਤੀਆਂ ਹਨ, ਜੋ ਪੰਜਾਬ ਵਿੱਚ ਜਨਤਕ ਸਦਭਾਵਨਾ ਬਣਾਈ ਰੱਖਣ ਲਈ ਨੁਕਸਾਨਦੇਹ ਹੈ। ਇੰਸਪੈਕਟਰ ਗਗਨਪ੍ਰੀਤ ਸਿੰਘ ਦੀ ਸ਼ਿਕਾਇਤ ’ਤੇ 21 ਅਕਤੂਬਰ ਨੂੰ Punjab State Crime Police Station ਵਿੱਚ ਬੀਐਨਐਸ ਦੀ ਧਾਰਾ 340 (2), 352 (1), 353 (2), 351 (2), 336 (4), ਅਤੇ 67 ਆਈਟੀ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ।